ਮੁਕੇਸ਼ ਕੁਮਾਰ
ਚੰਡੀਗੜ੍ਹ, 12 ਅਗਸਤ
ਸਮਾਰਟ ਸਿਟੀ ਪ੍ਰਾਜੇਕਟ ਤਹਿਤ ਚੰਡੀਗੜ੍ਹ ਵਿੱਚ ਪਬਲਿਕ ਬਾਈਕਿੰਗ ਸ਼ੇਅਰਿੰਗ ਯੋਜਨਾ ਦੇ ਪਹਿਲੇ ਪੜਾਅ ਦਾ ਅੱਜ ਇੱਥੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਉਦਘਾਟਨ ਕੀਤਾ। ਇੱਥੇ ਸੈਕਟਰ-16 ਸਥਿਤ ਸ਼ਾਂਤੀ ਕੁੰਜ ਵਿਚ ਰੋਜ ਕਲੱਬ ਵਿਖੇ ਕੀਤੇ ਗਏ ਇਸ ਪਹਿਲੇ ਪੜਾਅ ਦੇ ਉਦਘਾਟਨ ਮੌਕੇ ਸ੍ਰੀ ਬਦਨੌਰ ਨੇ ਖੁਦ ਸਾਈਕਲ ਚਲਾ ਕੇ ਸ਼ਹਿਰ ਵਾਸੀਆਂ ਨੂੰ ਤੰਦਰੁਸਤ ਰਹਿਣ ਦਾ ਹੋਕਾ ਦਿੱਤਾ। ਪ੍ਰਾਜੈਕਟ ਦੇ ਪਹਿਲੇ ਪੜਾਅ ਅਨੁਸਾਰ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਬਣਾਏ ਗਏ 155 ਡੌਕਿੰਗ ਸਟੇਸ਼ਨਾਂ (ਸਾਈਕਲ ਸਟੈਂਡਾਂ) ’ਤੇ 1250 ਸਾਈਕਲਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਅੱਜ ਦੇਰ ਸ਼ਾਮ ਕੀਤੇ ਗਏ ਇਸ ਉਦਘਾਟਨ ਮੌਕੇ ਸ੍ਰੀ ਬਦਨੌਰ ਨੇ ਕਿਹਾ ਕਿ ਜਿੱਥੇ ਇਸ ਪ੍ਰਾਜੈਕਟ ਨਾਲ ਸ਼ਹਿਰ ਨੂੰ ਪ੍ਰਦੂਸ਼ਣਮੁਕਤ ਕਰਨ ਵਿੱਚ ਸਹਾਇਤਾ ਮਿਲੇਗੀ ਉੱਥੇ ਹੀ ਸਾਈਕਲ ਚਲਾਉਣ ਨਾਲ ਸ਼ਹਿਰ ਵਾਸੀਆਂ ਦੀ ਸਿਹਤ ਵੀ ਠੀਕ ਰਹੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਗਰ ਨਿਗਮ ਤੇ ਪ੍ਰਸ਼ਾਸਨ ਵੱਲੋਂ ਸਾਈਕਲ ਟਰੈਕਾਂ ਦਾ ਨਿਰਮਾਣ ਕੀਤਾ ਗਿਆ ਹੈ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸ਼ੁਰੂ ਕੀਤੇ ਗਏ ਇਸ ਪ੍ਰਾਜੈਕਟ ਲਈ ਬਣਾਏ ਗਏ ਡੌਕਿੰਗ ਸਟੇਸ਼ਨਾਂ ’ਤੇ ਬਿਜਲੀ ਕੁਨੈਕਸ਼ਨ ਦਿੱਤੇ ਗਏ ਹਨ ਤਾਂ ਜੋ ਇੱਥੇ ਖੜ੍ਹੇ ਕੀਤੇ ਜਾਣ ਵਾਲੇ ਈ-ਸਾਈਕਲ ਚਾਰਜ ਹੋ ਸਕਣ। ਇਨ੍ਹਾਂ ਸਾਈਕਲਾਂ ਵਿੱਚ 40 ਫ਼ੀਸਦ ਆਮ ਸਾਈਕਲ ਹਨ ਜਦੋਂ ਕਿ 60 ਫ਼ੀਸਦੀ ਈ-ਬਾਈਕਸ ਸ਼ਾਮਲ ਹਨ। ਇਸ ਪ੍ਰਾਜੈਕਟ ਨੂੰ ਚਾਰ ਪੜਾਵਾਂ ਵਿੱਚ ਪੂਰਾ ਕੀਤਾ ਜਾਵੇਗਾ ਜਿਸ ਅਨੁਸਾਰ ਪੂਰੇ ਸ਼ਹਿਰ ਵਿੱਚ ਕੁੱਲ 617 ਡੌਕਿੰਗ ਸਟੇਸ਼ਨ ਬਣਾਏ ਜਾਣੇ ਹਨ। ਇਸ ਪ੍ਰਾਜੈਕਟ ਦੇ ਦੂਜਾ ਪੜਾਅ ਇਸੇ ਸਾਲ ਨਵੰਬਰ ਮਹੀਨੇ ਵਿਚ ਸ਼ੁਰੂ ਹੋ ਜਾਵੇਗਾ ਜਿਸ ਵਿੱਚ 155 ਡੌਕਿੰਗ ਸਟੇਸ਼ਨਾਂ ’ਤੇ 1250 ਸਾਈਕਲਾਂ ਦੀ ਵਿਵਸਥਾ ਕੀਤੀ ਜਾਵੇਗੀ। ਇਸ ਮੌਕੇ ਮੇਅਰ ਰਵੀ ਕਾਂਤ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਵੀ-1, 2 ਤੇ 3 ਸੜਕਾਂ ਕੰਢੇ 232 ਕਿਲੋਮੀਟਰ ਸਾਈਕਲ ਟਰੈਕ ਬਣਾਏ ਗਏ ਹਨ। ਇਨ੍ਹਾਂ ਟਰੈਕਾਂ ’ਤੇ ਸਟ੍ਰੀਟ ਲਾਈਟ ਦੀ ਵਿਵਸਥਾ ਵੀ ਕੀਤੀ ਗਈ ਹੈ। ਚੰਡੀਗੜ੍ਹ ਸਮਾਰਟ ਸਿਟੀ ਦੇ ਸੀਈਓ ਅਤੇ ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਨ੍ਹਾਂ ਸਾਈਕਲਾਂ ਦੇ ਇਸਤੇਮਾਲ ਲਈ ਮਾਮੂਲੀ ਫੀਸ ਵਸੂਲੀ ਜਾਵੇਗੀ। ਸਾਈਕਲਾਂ ਦੇ ਇਸਤਮਾਲ ਲਈ ਇੱਕ ਮੋਬਾਈਲ ਐਪ ਡਾਊਨਲੋਡ ਕਰਨਾ ਹੋਵੇਗਾ। ਸਾਈਕਲ ਦਾ ਇਸਤੇਮਾਲ ਕਰਨ ਲਈ ਲੋੜੀਂਦੀ ਫੀਸ ਪੇਅਟੀਐੱਮ ਜਾਂ ਗੂਗਲ ਐਪ ਰਾਹੀਂ ਅਦਾ ਕੀਤੀ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਈ-ਸਾਈਕਲ ਦਾ ਅੱਧੇ ਘੰਟੇ ਦਾ ਕਿਰਾਇਆ 10 ਰੁਪਏ ਜਦਕਿ ਪੈਡਲ ਵਾਲੀ ਸਾਈਕਲ ਦਾ ਅੱਧੇ ਘੰਟੇ ਦਾ ਕਿਰਾਇਆ ਪੰਜ ਰੁਪਏ ਹੋਵੇਗਾ।
ਵੱਖ-ਵੱਖ ਸੇਵਾਵਾਂ ਦੀ ਨਿਗਰਾਨੀ ਲਈ ਸਕਾਡਾ ਸਿਸਟਮ ਸ਼ੁਰੂ
ਇਸੇ ਦੌਰਾਨ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਸੇਵਾਵਾਂ ਦੀ ਨਿਗਰਾਨੀ ਲਈ ਸਕਾਡਾ ਸਿਸਟਮ ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਸ ਸਿਸਟਮ ਰਾਹੀਂ ਸ਼ਹਿਰ ਵਿੱਚ ਪਾਣੀ ਦੀ ਰੋਜ਼ਾਨਾ ਦੀ ਵੰਡ ਪ੍ਰਣਾਲੀ ਦੇ ਬਿਹਤਰ ਪ੍ਰਬੰਧਨ ਲਈ ਲੋੜੀਂਦੇ ਮਾਪਦੰਡਾਂ ਦੀ ਨਿਗਰਾਨੀ ਕੀਤੀ ਜਾ ਸਕੇਗੀ। ਇਸ ਮੌਕੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਸ਼ਹਿਰ ਦੇ ਅਧਿਕਾਰੀਆਂ ਵੱਲੋਂ ਰੀਅਲ ਟਾਈਮ ਡੇਟਾ ਪ੍ਰਾਪਤ ਕਰਨ ਲਈ ਇੱਕ ਮੋਬਾਈਲ ਐਪ ਵੀ ਤਿਆਰ ਕੀਤੀ ਗਈ ਹੈ ਜਿਸ ਨਾਲ ਪਾਣੀ ਨਾਲ ਸਬੰਧਤ ਨਿਗਰਾਨੀ ਤੇ ਅੰਕੜੇ ਇਕੱਤਰ ਕਰਨ ਨਾਲ ਪਾਣੀ ਦੇ ਪ੍ਰਵਾਹ ਦੇ ਵਿਸ਼ਲੇਸ਼ਣ ਸਮੇਤ ਮਾਤਰਾ ਅਤੇ ਗੁਣਵੱਤਾ ਦੇ ਮਾਪਦੰਡਾਂ ਵਿੱਚ ਸਹਾਇਤਾ ਮਿਲੇਗੀ।