ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਦਸੰਬਰ
ਮੌਸਮ ਬਦਲਣ ਕਾਰਨ ਬਰਡ ਫਲੂ ਫੈਲਣ ਦੇ ਖਦਸ਼ੇ ਦੇ ਮੱਦੇਨਜ਼ਰ ਚੰਡੀਗੜ੍ਹ ਦਾ ਪਸ਼ੂ ਪਾਲਣ ਵਿਭਾਗ ਪਹਿਲਾਂ ਤੋਂ ਹੀ ਚੌਕਸੀ ਵਰਤ ਰਿਹਾ ਹੈ। ਇਸ ਤਹਿਤ ਯੂਟੀ ਪ੍ਰਸ਼ਾਸਨ ਨੇ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ 88 ਸੈਂਪਲ ਭੋਪਾਲ ਲੈਬਾਰੇਟਰੀ ਵਿੱਚ ਜਾਂਚ ਲਈ ਭੇਜੇ ਸਨ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਪਸ਼ੂ ਪਾਲਣ ਵਿਭਾਗ ਵੱਲੋਂ 10 ਅਤੇ 25 ਦਸੰਬਰ ਨੂੰ ਮੁੜ ਸ਼ਹਿਰ ’ਚ ਵੱਖ-ਵੱਖ ਥਾਵਾਂ ਤੋਂ ਸੈਂਪਲ ਲੈ ਕੇ ਭੋਪਾਲ ਜਾਂਚ ਲਈ ਭੇਜੇ ਜਾਣਗੇ।
ਪਸ਼ੂ ਪਾਲਣ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ. ਕੰਵਰਜੀਤ ਸਿੰਘ ਭੰਗੂ ਨੇ ਦੱਸਿਆ ਕਿ ਵਿਭਾਗ ਪਹਿਲਾਂ ਤੋਂ ਹੀ ਚੌਕਸ ਹੈ। ਜਲੰਧਰ ਤੋਂ ਐੱਨਆਰਡੀਡੀਐੱਲ ਦੀ ਟੀਮ ਨੇ ਚੰਡੀਗੜ੍ਹ ਵਿੱਚ ਟਰੇਨਿੰਗ ਪ੍ਰੋਗਰਾਮ ਵੀ ਕੀਤਾ ਸੀ। ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੂੰ ਵੱਖ-ਵੱਖ ਥਾਵਾਂ ਤੋਂ ਸੈਪਲ ਲੈਣ ਅਤੇ ਹੋਰਨਾ ਲੱਛਣਾਂ ਬਾਰੇ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਵਿਭਾਗ ਨੇ ਵੱਖ-ਵੱਖ ਸਮੇਂ ’ਤੇ ਸ਼ਹਿਰ ਦੇ ਪੋਲਟਰੀ ਫਾਰਮ, ਸੁਖਨਾ ਝੀਲ, ਖੁੱਡਾ ਪੋਲਟਰੀ ਫਾਰਮ ਜਾਂ ਵੱਖ-ਵੱਖ ਥਾਵਾਂ ’ਤੇ ਪਾਣੀ ਵਾਲੀਆਂ ਥਾਵਾਂ ਤੋਂ ਸੈਂਪਲ ਲੈ ਕੇ ਭੋਪਾਲ ਲੈਬਾਰੇਟਰੀ ਵਿੱਚ ਭੇਜੇ ਗਏ ਸਨ। ਇਨ੍ਹਾਂ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਡਾ. ਭੰਗੂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਿੱਚ ਕਿਸੇ ਵੀ ਥਾਂ ’ਤੇ ਕੋਈ ਪੰਛੀ ਮਰਿਆ ਹੋਇਆ ਪਾਇਆ ਜਾਂਦਾ ਹੈ ਤਾਂ ਉਸ ਬਾਰੇ ਸਬੰਧਿਤ ਵਿਭਾਗ ਨੂੰ ਸੂਚਨਾ ਦਿੱਤੀ ਜਾਵੇ। ਜਿਸ ਨਾਲ ਕਿਸੇ ਵੀ ਬਿਮਾਰੀ ਨੂੰ ਸ਼ਹਿਰ ਵਿੱਚ ਫੈਲਣ ਤੋਂ ਪਹਿਲੀ ਹੀ ਰੋਕਿਆ ਜਾ ਸਕੇ।