ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਭਾਜਪਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਵੱਖ-ਵੱਖ ਸੇਵਾ ਕਾਰਜ ਰਾਹੀ ਮਨਾਇਆ ਹੈ। ਇਹ ਸੇਵਾ ਕਾਰਜ 17 ਸਤੰਬਰ ਤੋਂ 2 ਅਕਤੂਬਰ ਤੱਕ ਕੀਤੇ ਜਾਣਗੇ। ਭਾਜਪਾ ਦੇ ਬੁਲਾਰੇ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਭਾਜਪਾ ਵਰਕਰਾਂ ਵੱਲੋਂ ਸੈਕਟਰ 46, 27 ਅਤੇ 8 ਦੇ ਕਮਿਊਨਿਟੀ ਸੈਂਟਰ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਅਰੁਣ ਸੂਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਵਰਕਰਾਂ ਅਤੇ ਸ਼ਹਿਰ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਖੂਨਦਾਨ ਦੀ ਮਹੱਤਤਾ ਦੱਸਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਤਿਉਹਾਰ ਵਜੋਂ ਨਹੀਂ ਸਗੋਂ ਸੇਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਜਪਾ ਨੇ ਨਰ ਸੇਵਾ ਨਰਾਇਣ ਸੇਵਾ ਕੇ ਦੇ ਨਾਅਰੇ ਨੂੰ ਮੁੱਖ ਰੱਖਦਿਆਂ ਨਰਿੰਦਰ ਮੋਦੀ ਦੇ ਜਨਮ ਦਿਨ ’ਤੇ ਸੇਵਾ ਕਾਰਜ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਸੂਬਾ ਪ੍ਰਧਾਨ ਅਰੁਣ ਸੂਦ ਅਤੇ ਸੰਗਠਨ ਦੇ ਜਨਰਲ ਸਕੱਤਰ ਮੰਥਾਰੀ ਨਿਵਾਸਨਲੂ ਅਤੇ ਮੇਅਰ ਨੇ ਖੂਨਦਾਨ ਕੈਂਪਾਂ ਲਈ ਸੂਬਾ ਭਾਜਪਾ ਅਹੁਦੇਦਾਰਾਂ, ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ, ਮੰਡਲ ਪ੍ਰਧਾਨਾਂ ਅਤੇ ਸਮੂਹ ਭਾਜਪਾ ਵਰਕਰਾਂ ਨੂੰ ਵਧਾਈ ਦਿੱਤੀ।