ਮੁਕੇਸ਼ ਕੁਮਾਰ
ਚੰਡੀਗੜ੍ਹ, 6 ਫਰਵਰੀ
ਚੰਡੀਗੜ੍ਹ ਸ਼ਹਿਰ ਵਿੱਚ ਪੇਡ ਪਾਰਕਿੰਗਾਂ ਸੰਚਾਲਿਤ ਕਰਨ ਵਾਲੀਆਂ ਕੰਪਨੀਆਂ ਵਲੋਂ ਨਗਰ ਨਿਗਮ ਨਾਲ ਹੋਏ ਸਮਝੌਤੇ ਅਨੁਸਾਰ ਪਾਰਕਿੰਗ ਦਰਾਂ ਵਿੱਚ ਕੀਤੇ ਗਏ ਵਾਧੇ ਦਾ ਜਿਥੇ ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਉਥੇ ਹੁਣ ਹਾਕਮ ਧਿਰ ਭਾਜਪਾ ਦਾ ਸੀਨੀਅਰ ਆਗੂ ਵੀ ਵਿਰੋਧ ਵਿੱਚ ਆ ਗਿਆ ਹੈ। ਸ਼ਹਿਰ ਵਿੱਚ ਪਾਰਕਿੰਗ ਦਰਾਂ ਵਿੱਚ ਕੀਤੇ ਗਏ 20 ਫ਼ੀਸਦੀ ਵਾਧੇ ’ਤੇ ਭਾਜਪਾ ਦੇ ਜਨਰਲ ਸਕੱਤਰ ਰਾਮਵੀਰ ਸਿੰਘ ਭੱਟੀ ਨੇ ਸਵਾਲ ਚੁੱਕਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਕਿੰਗ ਦੇ ਰੇਟ ਪਹਿਲਾਂ ਹੀ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਉਹ ਨਿਗਮ ਕਮਿਸ਼ਨਰ ਅਤੇ ਚੰਡੀਗੜ੍ਹ ਪ੍ਰਸ਼ਾਸਕ ਤੋਂ ਇਹ ਵਾਧਾ ਵਾਪਸ ਲੈਣ ਦੀ ਮੰਗ ਕਰਨਗੇ।
ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਪਾਰਕਿੰਗ ਦਰਾਂ ਨੂੰ ਲੈ ਕੇ ਨਗਰ ਨਿਗਮ ਨੇ ਪਾਰਕਿੰਗ ਠੇਕੇਦਾਰਾਂ ਨਾਲ ਇੱਕ ਸਮਝੌਤਾ ਕੀਤਾ ਸੀ। ਭਾਜਪਾ ਦੇ ਸਮੂਹ ਕੌਂਸਲਰਾਂ ਨੇ ਇਸ ਸਮਝੌਤੇ ’ਤੇ ਆਪਣੀ ਸਹਿਮਤੀ ਦਿੱਤੀ ਸੀ। ਸਮਝੌਤੇ ਅਨੁਸਾਰ ਪਾਰਕਿੰਗ ਦਰਾਂ ਵਿੱਚ ਹਰ ਸਾਲ 20 ਫ਼ੀਸਦੀ ਵਾਧਾ ਕੀਤਾ ਜਾਵੇਗਾ। ਅਜਿਹੇ ਵਿੱਚ ਭਾਜਪਾ ਨੇਤਾ ਰਾਮਵੀਰ ਸਿੰਘ ਭੱਟੀ ਨੇ ਪਾਰਕਿੰਗ ਦਰਾਂ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਕੌਂਸਲਰਾਂ ਦੇ ਫੈਸਲੇ ’ਤੇ ਸਵਾਲ ਖੜੇ ਕਰ ਦਿੱਤੇ ਹਨ। ਭੱਟੀ ਨੇ ਕਿਹਾ ਕਿ ਪਾਣੀ ਦੀਆਂ ਦਰਾਂ ਵਿੱਚ ਵੀ ਪਹਿਲੀ ਅਪਰੈਲ ਤੋਂ ਕੀਤੇ ਜਾਣ ਵਾਲੇ ਵਾਧੇ ਦਾ ਵੀ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀਆਂ ਦਰਾਂ ਵੀ ਨਹੀਂ ਵਧਣੀਆਂ ਚਾਹੀਦੀਆਂ। ਪਾਰਕਿੰਗ ਦੀਆਂ ਵਧੀਆਂ ਦਰਾਂ ਤੁਰਤ ਪ੍ਰਭਾਵ ਨਾਲ ਲਾਗੂ ਹੋ ਗਈਆਂ ਹਨ, ਜਿਸ ਦਾ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ। ਵੱਖ-ਵੱਖ ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੀ ਸਿਰਮੌਰ ਜਥੇਬੰਦੀ ਫੈਡਰੇਸ਼ਨ ਆਫ ਸੈਕਟਰ ਵੈਲਫੇਅਰ ਐਸੋਸੀਏਸ਼ਨਜ਼ (ਫਾਸਵੇਕ) ਨੇ ਵੀ ਨਵੀਆਂ ਦਰਾਂ ਨੂੰ ਲੈ ਕੇ ਸਖਤ ਰੁਖ਼ ਅਖਤਿਆਰ ਕੀਤਾ ਹੈ। ਫਾਸਵੇਕ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਇਕ ਪਾਸੇ ਨਿਗਮ ਨੇ ਪਾਰਕਿੰਗ ਠੇਕੇਦਾਰਾਂ ਤੋਂ ਲਗਪਗ ਸਾਢੇ ਚਾਰ ਕਰੋੜ ਰੁਪਏ ਦੀ ਲਾਇਸੈਂਸ ਫੀਸ ਲੈਣੀ ਹੈ। ਡਿਫਾਲਟਰ ਪਾਰਕਿੰਗ ਠੇਕੇਦਾਰ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਵੀ ਚੱਲ ਰਹੀ ਹੈ ਅਤੇ ਦੂਜੇ ਪਾਸੇ ਇਨ੍ਹਾਂ ਪਾਰਕਿੰਗ ਠੇਕੇਦਾਰਾਂ ਨੂੰ ਆਰਥਿਕ ਮੁਨਾਫ਼ਾ ਪਹੁੰਚਾਉਣ ਲਈ ਪਾਰਕਿੰਗ ਦਰਾਂ ਵਧਾ ਦਿੱਤੀਆਂ ਗਈਆਂ ਹਨ। ਨਵੀਆਂ ਦਰਾਂ ਅਨੁਸਾਰ ਦੋਪਹੀਆ ਵਾਹਨਾਂ ਲਈ ਪਾਰਕਿੰਗ ਫੀਸ 7 ਰੁਪਏ ਅਤੇ ਚਾਰ ਪਹੀਆ ਵਾਹਨਾਂ ਲਈ ਫੀਸ 14 ਰੁਪਏ ਹੈ। ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਵੀ ਪਾਰਕਿੰਗ ਦੀਆਂ ਨਵੀਆਂ ਦਰਾਂ ਦਾ ਵਿਰੋਧ ਕੀਤਾ ਹੈ।