ਆਤਿਸ਼ ਗੁਪਤਾ
ਚੰਡੀਗੜ੍ਹ, 21 ਨਵੰਬਰ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਨਜ਼ਦੀਕ ਆਉਣ ’ਤੇ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਸਰਗਰਮੀਆਂ ਕੀਤੀਆਂ ਜਾ ਰਹੀਆਂ ਹਨ। ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਦੇ ਚਲਦਿਆਂ ਭਾਜਪਾਈਆਂ ਨੂੰ ਹਰ ਥਾਂ ਕਿਸਾਨ ਹਮਾਇਤੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਭਾਜਪਾਈਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਭਾਜਪਾ ਆਗੂਆਂ ਵੱਲੋਂ ਹੁਣ ਨਗਰ ਨਿਗਮ ਚੋਣਾਂ ਦੀ ਤਿਆਰੀ ਵਿੱਚ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਵੱਡੇ-ਵੱਡੇ ਇਕੱਠੇ ਕੀਤੇ ਜਾ ਰਹੇ ਹਨ।
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਵੱਲੋਂ ਰਾਏਪੁਰ ਖੁਰਦ ਵਿੱਚ ਜਨ ਸਭਾ ਕਰਵਾਈ ਗਈ ਜਿੱਥੇ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਚੰਡੀਗੜ੍ਹ ਦੇ ਪਿੰਡਾਂ ਨੂੰ ਲਾਲ ਡੋਰੇ ਤੋਂ ਬਾਹਰ ਉਸਾਰੀ ਕਰਨ ਲਈ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਸ਼ਹਿਰ ਵਿੱਚ ਲਾਲ ਡੋਰੇ ਤੋਂ ਬਾਹਰ ਦੀਆਂ ਉਸਾਰੀਆਂ ਨੂੰ ਰੈਗੂਲਰ ਕਰਨ ਦੀ ਤਿਆਰੀ ਕਰ ਰਿਹਾ ਹੈ। ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਦਿਸ਼ਾ ਨਿਰਦੇਸ਼ਾਂ ’ਤੇ ਪ੍ਰਸ਼ਾਸਨਿਕ ਅਧਿਕਾਰੀ ਜਲਦ ਸਾਰੀਆਂ ਕਮੀਆਂ ਦੂਰ ਕਰ ਲੈਣਗੇ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਵਿੱਚ ਭਾਜਪਾ ਦੀ ਜਿੱਤ ਉਪਰੰਤ ਵਿਕਾਸ ਕਾਰਜਾਂ ਨੂੰ ਮੁਕੰਮਲ ਕੀਤਾ ਜਾਵੇਗਾ।
ਭਾਜਪਾ ਐੱਸਸੀ ਮੋਰਚਾ ਵੱਲੋਂ ਮੌਲੀ ਜੱਗਰਾਂ ਵਿੱਚ ਜਨ ਸਭਾ ਕਰਵਾਈ ਗਈ। ਇਸ ਮੌਕੇ ਰਾਮਵੀਰ ਭੱਟੀ, ਅਨਿਲ ਦੂਬੇ, ਕ੍ਰਿਸ਼ਨ ਕੁਮਾਰ, ਨਰੇਸ਼ ਅਰੋੜਾ, ਅਰਵਿੰਦ ਸਿੰਘ, ਰੋਹਿਤ ਟਾਂਕ ਮੌਜੂਦ ਸਨ।
ਪਿੰਡਾਂ ਵਿੱਚ ਚੋਣ ਮੁਹਿੰਮ ਸ਼ੁਰੂ
ਭਾਰਤੀ ਜਨਤਾ ਪਾਰਟੀ ਦੀ ਚੰਡੀਗੜ੍ਹ ਇਕਾਈ ਵੱਲੋਂ ਪਹਿਲਾਂ ਵੱਖ-ਵੱਖ ਸੈਕਟਰਾਂ ਵਿੱਚ ਅੰਦਰੂਨੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਅੱਜ ਉਨ੍ਹਾਂ ਪਿੰਡਾਂ ਵਿੱਚ ਚੋਣ ਬਿਗਲ ਵਜਾ ਦਿੱਤਾ ਹੈ। ਭਾਜਪਾ ਆਗੂਆਂ ਨੇ ਅੱਜ ਮੌਲੀ ਜੱਗਰਾਂ ਅਤੇ ਰਾਏਪੁਰ ਖੁਰਦ ਵਿੱਚ ਵੱਡੇ ਇਕੱਠੇ ਕੀਤੇ ਜਿਸ ਵਿੱਚ ਭਾਜਪਾ ਆਗੂ ਵੀ ਬਿਨਾਂ ਕਿਸੇ ਡਰ ਤੋਂ ਹਿੱਸਾ ਲੈਂਦੇ ਦਿਖਾਈ ਦਿੱਤੇ। ਇਥੇ ਭਾਜਪਾ ਦੇ ਵਿਰੋਧ ਦੇ ਬਾਵਜੂਦ ਵੱਡਾ ਇਕੱਠ ਹੋਇਆ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਚੰਡੀਗੜ੍ਹ ਦੇ ਹੋਰਨਾਂ ਪਿੰਡਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਜਨ ਸਭਾਵਾਂ ਕੀਤੀਆਂ ਜਾਣਗੀਆਂ। ਉੱਧਰ ਨਿਗਮ ਚੋਣਾਂ ਦੌਰਾਨ ਵੀ ਪਿੰਡਾਂ ਨਾਲ ਜੁੜੇ ਲੋਕਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਚੰਡੀਗੜ੍ਹ ਦੇ ਪਿੰਡਾਂ ਦੇ ਵਾਸੀਆਂ ਵੱਲੋਂ ਨਿਗਮ ਚੋਣਾਂ ਲਈ ਭਾਜਪਾ ਕੋਲ ਅਰਜ਼ੀ ਦਿੱਤੀ ਗਈ ਹੈ।