ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 25 ਜੂਨ
ਯੂਟੀ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਧਾਰਮਿਕ ਸਥਾਨਾਂ ਤੇ ਫਰਨੀਚਰ ਮਾਰਕੀਟ ਨੂੰ ਉਜਾੜਨ ਲਈ ਕੀਤੀ ਗਈ ਕਾਰਵਾਈ ਦੇ ਵਿਰੁੱਧ ਭਾਜਪਾ ਖੜ੍ਹੀ ਹੋ ਗਈ ਹੈ। ਅੱਜ ਚੰਡੀਗੜ੍ਹ ਭਾਜਪਾ ਦੇ ਸਾਬਕਾ ਪ੍ਰਧਾਨ ਅਰੁਣ ਸੂਦ ਨੇ ਵਫ਼ਦ ਦੇ ਨਾਲ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸੰਧੂ, ਭਾਜਪਾ ਦੇ ਸ਼ਹਿਰੀ ਮੀਤ ਪ੍ਰਧਾਨ ਦਵਿੰਦਰ ਬਬਲਾ, ਨਾਮਜ਼ਦ ਕੌਂਸਲਰ ਸਤਿੰਦਰ ਸਿੱਧੂ ਤੇ ਡਾ. ਮਹਿੰਦਰ ਕੌਰ, ਕੌਂਸਲਰ ਬਿੱਲੂ ਕਜਹੇੜੀ, ਸਾਬਕਾ ਭਾਜਪਾ ਜਨਰਲ ਸਕੱਤਰ ਚੰਦਰਸ਼ੇਖਰ, ਸਕੱਤਰ ਤਜਿੰਦਰ ਸਿੰਘ ਸਰਾਂ, ਚੇਅਰਮੈਨ ਕਜਹੇੜੀ ਹਰਭਜਨ ਸਿੰਘ, ਸਾਬਕਾ ਸਰਪੰਚ ਗੁਰਦੀਪ ਸਿੰਘ, ਪ੍ਰਧਾਨ ਫਰਨੀਚਰ ਮਾਰਕੀਟ ਐਸੋਸੀਏਸ਼ਨ ਸੰਜੀਵ ਭੰਡਾਰੀ, ਰਾਮ ਸਿੰਘ, ਸੰਜੇ ਅਗਰਵਾਲ ਅਤੇ ਮਾਰਕੀਟ ਦੇ 116 ਸ਼ੋਅਰੂਮ ਦੇ ਮਾਲਕ ਮੌਜੂਦ ਰਹੇ।
ਸ੍ਰੀ ਸੂਦ ਨੇ ਕਿਹਾ ਕਿ ਮੀਟਿੰਗ ਵਿੱਚ ਪ੍ਰਸ਼ਾਸਨ ਵੱਲੋਂ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਗਈ ਕਿ 28 ਜੂਨ ਦੇ ਢਾਹੁਣ ਦੇ ਨੋਟਿਸਾਂ ਸਬੰਧੀ ਜਿਨ੍ਹਾਂ ਵਿਅਕਤੀਆਂ ਨੂੰ ਨੋਟਿਸ ਪ੍ਰਾਪਤ ਹੋਏ ਹਨ, ਉਹ ਦੋ ਦਿਨਾਂ ਦੇ ਅੰਦਰ-ਅੰਦਰ ਆਪਣੇ ਕਬਜ਼ੇ ਵਾਲੇ ਰਕਬੇ ਦਾ ਵੇਰਵਾ ਦੇ ਕੇ ਜਵਾਬ ਦਾਖ਼ਲ ਕਰਨਗੇ। ਪ੍ਰਸ਼ਾਸਨ ਹਿਸਾਬ-ਕਿਤਾਬ ਕਰ ਕੇ ਉਨ੍ਹਾਂ ਤੋਂ ਵਰਤੇ ਜਾ ਰਹੇ ਖੇਤਰ ਲਈ ਤਦ ਤਕ ਕਿਰਾਇਆ ਚਾਰਜ ਕੀਤਾ ਜਾਵੇਗਾ ਜਦੋਂ ਤੱਕ ਮਾਰਕੀਟ ਲਈ ਇੱਕ ਪੁਨਰਵਾਸ ਨੀਤੀ ਨਹੀਂ ਆਉਂਦੀ। ਜਿਹੜੇ ਮਾਲਕ ਨੋਟਿਸਾਂ ਦਾ ਜਵਾਬ ਨਹੀਂ ਦਿੰਦੇ, ਸਿਰਫ਼ ਉਹੀ ਇਮਾਰਤਾਂ ਨੂੰ ਢਾਹੁਣ ਲਈ ਵਿਚਾਰਿਆ ਜਾਵੇਗਾ। ਸਾਬਕਾ ਪ੍ਰਧਾਨ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਮਾਰਬਲ ਮਾਰਕੀਟ ਦੀ ਤਰਜ਼ ’ਤੇ ਸ਼ਹਿਰ ਦੀ ਫਰਨੀਚਰ ਮਾਰਕੀਟ ਦੇ ਮੁੜ ਵਸੇਬੇ ਲਈ ਬਲਕ ਮਾਰਕੀਟ ਦੀ ਤਜਵੀਜ਼ ਬਣਾਈ ਜਾਵੇ।
ਭਾਜਪਾ ਪ੍ਰਧਾਨ ਨੇ ਯੂਟੀ ਪ੍ਰਸ਼ਾਸਕ ਨਾਲ ਮੁਲਾਕਾਤ ਕੀਤੀ
ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਸ੍ਰੀ ਮਲਹੋਤਰਾ ਨੇ ਪ੍ਰਸ਼ਾਸਕ ਕੋਲ ਸ਼ਹਿਰ ਵਿੱਚੋਂ ਧਾਰਮਿਕ ਸਥਾਨ ਤੋੜਨ ਅਤੇ ਫਰਨੀਚਰ ਮਾਰਕੀਟ ਨੂੰ ਢਾਹੁਣ ਦੇ ਫ਼ੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਸੈਕਟਰ-53/54 ਵਿੱਚ ਫਰਨੀਚਰ ਮਾਰਕੀਟ ਤੇ ਧਾਰਮਿਕ ਸਥਾਨਾਂ ਲਈ ਕੋਈ ਨੀਤੀ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਨਾਲ ਲੋਕਾਂ ਦਾ ਉਜਾੜਾ ਨਾ ਕੀਤਾ ਜਾਵੇ। ਇਸ ਮੌਕੇ ਚੰਡੀਗੜ੍ਹ ਭਾਜਪਾ ਦੇ ਜਨਰਲ ਸਕੱਤਰ ਅਮਿਤ ਜਿੰਦਲ ਤੇ ਹੁਕਮ ਚੰਦ ਵੀ ਮੌਜੂਦ ਰਹੇ।