ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 4 ਜੁਲਾਈ
ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਹਾਈ ਕਮਾਂਡ ਵੱਲੋਂ ਸੀਨੀਅਰ ਆਗੂ ਸੁਨੀਲ ਜਾਖੜ ਨੂੰ ਭਾਜਪਾ ਪੰਜਾਬ ਦਾ ਸੂਬਾ ਪ੍ਰਧਾਨ ਨਿਯੁਕਤ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਜਿੱਥੇ ਸੂਬੇ ਵਿੱਚ ਪਾਰਟੀ ਹੋਰ ਵਧੇਰੇ ਮਜ਼ਬੂਤ ਹੋਵੇਗੀ ਅਤੇ ਸਮਾਜ ਦੇ ਹਰ ਵਰਗ ਦਾ ਖੁੱਲ੍ਹ ਕੇ ਸਮਰਥਨ ਮਿਲੇਗਾ। ਅੱਜ ਇੱਥੇ ਜਾਰੀ ਬਿਆਨ ਵਿੱਚ ਸ੍ਰੀ ਸਿੱਧੂ ਨੇ ਭਾਜਪਾ ਹਾਈ ਕਮਾਂਡ ਦਾ ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਬਣਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਜਾਖੜ ਪੜ੍ਹੇ-ਲਿਖੇ, ਸੂਝਵਾਨ, ਦੂਰ-ਅੰਦੇਸ਼ ਅਤੇ ਲੋਕਾਂ ਨਾਲ ਜੁੜੇ ਹੋਏ ਅਜਿਹੇ ਆਗੂ ਹਨ, ਜਿਨ੍ਹਾਂ ਦਾ ਸਮਾਜ ਦੇ ਹਰ ਵਰਗ ਵਿੱਚ ਬਹੁਤ ਸਤਿਕਾਰ ਹੈ। ਉਨ੍ਹਾਂ ਕਿਹਾ ਕਿ ਇਕ ਅਗਾਂਹਵਧੂ ਕਿਸਾਨ ਹੋਣ ਦੇ ਨਾਤੇ ਜਿੱਥੇ ਸ੍ਰੀ ਜਾਖੜ ਨੂੰ ਕਿਸਾਨੀ ਮਸਲਿਆਂ ਦੀ ਪੂਰੀ ਸਮਝ ਹੈ, ਉੱਥੇ ਉਨ੍ਹਾਂ ਨੂੰ ਵਪਾਰ ਅਤੇ ਸਨਅਤ ਦੀ ਵੀ ਡੂੰਘੀ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜਾਖੜ ਦੀ ਅਰਥ ਸ਼ਾਸਤਰ ਅਤੇ ਆਰਥਿਕ ਮਸਲਿਆਂ ਉੱਤੇ ਵੀ ਪੂਰੀ ਪਕੜ ਹੈ।
ਭਾਜਪਾ ਆਗੂ ਨੇ ਕਿਹਾ ਕਿ ਸ੍ਰੀ ਜਾਖੜ ਦਾ ਹਿੰਦੂ ਸਮਾਜ ਦੇ ਨਾਲ-ਨਾਲ ਸਿੱਖ, ਮੁਸਲਿਮ ਅਤੇ ਈਸਾਈ ਭਾਈਚਾਰੇ ਵਿੱਚ ਵੀ ਬਰਾਬਰ ਦਾ ਸਤਿਕਾਰ ਹੈ ਕਿਉਂਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੇ ਵਿਅਕਤੀ ਹਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਸ੍ਰੀ ਜਾਖੜ ਦੀ ਅਗਵਾਈ ਹੇਠ ਪੰਜਾਬ ਭਾਜਪਾ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰੇਗੀ।