ਖੇਤਰੀ ਪ੍ਰਤੀਨਿਧ
ਐੱਸਏਐੱਸ ਨਗਰ (ਮੁਹਾਲੀ), 20 ਅਗਸਤ
ਪੁਆਧੀ ਅਖਾੜੇ ਦੇ ਮੋਢੀ ਭਗਤ ਆਸਾ ਰਾਮ ਬੈਦਵਾਣ ਦੀ ਯਾਦਗਾਰ ਸਮਾਧ ਉੱਤੇ ਅੱਜ ਨੇਤਰਹੀਣ ਹੋਣ ਦੇ ਬਾਵਜੂਦ ਲਗਾਤਾਰ ਪੁਆਧੀ ਅਖਾੜੇ ਲਾਉਂਦੇ ਆ ਰਹੇ ਭਗਤ ਤਰਲੋਚਨ ਸਿੰਘ ਗੋਬਿੰਦਗੜ੍ਹ ਅਤੇ ਉਸ ਦੇ ਸਾਥੀਆਂ ਵੱਲੋਂ ਪੁਆਧੀ ਅਖਾੜਾ ਲਗਾਇਆ ਗਿਆ। ਅਖਾੜੇ ਦਾ ਪ੍ਰਬੰਧ ਪਿੰਡ ਮਦਨਪੁਰ ਦੇ ਗੁਰਦੀਪ ਸਿੰਘ ਵੱਲੋਂ ਕੀਤਾ ਗਿਆ ਸੀ। ਇਸ ਮੌਕੇ ਪੂਰੇ ਇਲਾਕੇੇ ਵਿੱਚੋਂ ਸੈਂਕੜੇ ਸਰੋਤੇ ਪਹੁੰਚੇ ਹੋਏ ਸਨ।
ਭਗਤ ਤਰਲੋਚਨ ਸਿੰਘ ਨੇ ਇਸ ਮੌਕੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਜਨਮ ਲੀਲਾ ਦਾ ਪੂਰਾ ਪ੍ਰਸੰਗ, ਜੋ ਕਿ ਭਗਤ ਆਸਾ ਰਾਮ ਬੈਦਵਾਣ ਵੱਲੋਂ ਲਿਖਿਆ ਗਿਆ ਸੀ, ਅਖਾੜੇ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਾਰੰਗੀ ਵਾਦਕ, ਢੋਲਕ ਵਾਦਕ, ਖੜਤਾਲਾਂ ਵਾਲੇ ਅਤੇ ਪਾਛੂ ਗਵੱਈਆਂ ਦੇ ਨਾਲ ਨਾਲ ਇੱਕ ਨਚਾਰ ਨੇ ਵੀ ਸਾਥ ਦਿੱਤਾ। ਗੁਰਦੀਪ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਅਖਾੜਾ ਮੰਡਲੀ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭਗਤ ਆਸਾ ਰਾਮ ਯਾਦਗਾਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਛਿੰਦਾ, ਸੋਢੀ, ਗੁਰਦੀਪ ਸਿੰਘ, ਪਰਮਦੀਪ ਸਿੰਘ ਬੈਦਵਾਣ ਅਤੇ ਹੋਰ ਪ੍ਰਬੰਧਕ ਵੀ ਹਾਜ਼ਰ ਸਨ।