ਮਿਹਰ ਸਿੰਘ
ਕੁਰਾਲੀ, 21 ਜੁਲਾਈ
ਕੁਰਾਲੀ ਨੇੜਲੇ ਪਿੰਡ ਦੁਸਾਰਨਾ ਦੀ ਲਿੰਕ ਸੜਕ ਦੇ ਬਰਮ ਨਦੀ ਦੇ ਤੇਜ਼ ਵਹਾਅ ਵਿੱਚ ਵਹਿ ਜਾਣ ਕਾਰਨ ਸੜਕ ਰੁੜਨ ਦਾ ਖ਼ਤਰਾ ਬਣਿਆ ਹੋਇਆ ਹੈ। ਸੜਕ ਦੇ ਨਦੀ ਨਾਲ ਲਗਦੇ ਬਰਮਾਂ ਦੀਆਂ ਢਿੱਗਾਂ ਨਦੀ ਵਿੱਚ ਰੁੜਨ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਦੀ ਸਮੱਸਿਆ ਨੂੰ ਦੇਖਦਿਆਂ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਪਿੰਡ ਦਾ ਦੌਰਾ ਕੀਤਾ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਸ੍ਰੀ ਗਿੱਲ ਨੂੰ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਰਣਜੀਤ ਸਿੰਘ, ਨੰਬਰਦਾਰ ਭੁਪਿੰਦਰ ਸਿੰਘ, ਮਲਕੀਤ ਸਿੰਘ ਅਤੇ ਸੁਰਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਸਾਤ ਦੌਰਾਨ ਪਹਾੜੀ ਖੇਤਰ ਵਿਚੋਂ ਨਦੀ ਵਿੱਚ ਆਇਆ ਪਾਣੀ ਪਿੰਡ ਨੂੰ ਜਾਣ ਵਾਲੀ ਸੜਕ ਦੇ ਨਾਲ ਲਗਦੇ ਬਰਮ ਰੂਪੀ ਨਦੀ ਦੀਆਂ ਢਿੱਗਾਂ ਨੂੰ ਵਹਾਅ ਕੇ ਲੈ ਗਿਆ। ਉਨ੍ਹਾਂ ਕਿਹਾ ਕਿ ਹੁਣ ਨਦੀ ਵਿੱਚ ਆਇਆ ਤੇਜ਼ ਪਾਣੀ ਸੜਕ ਨੂੰ ਵਹਾਉਣ ਦੇ ਨਾਲ ਨਾਲ ਪਿੰਡ ਨੂੰ ਵੀ ਮਾਰ ਕਰ ਸਕਦਾ ਹੈ। ਇਸ ਮੌਕੇ ਸ੍ਰੀ ਗਿੱਲ ਨੇ ਜਿੱਥੇ ਪੰਜਾਬ ਸਰਕਾਰ ਤੋਂ ਪਿੰਡ ਦੀ ਸੁਰਖਿਆ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ, ਉਥੇ ਉਨ੍ਹਾਂ ਕਿਹਾ ਕਿ ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਜਾਵੇਗਾ।
ਰੋਕਾਂ ਕਾਰਨ ਦੁਸਾਰਨਾ ਪਿੰਡ ਖ਼ਤਰੇ ਵਿੱਚ ਪਿਆ
ਪਿੰਡ ਵਾਸੀਆਂ ਤਲਵਿੰਦਰ ਸਿੰਘ, ਲਖਵਿੰਦਰ ਸਿੰਘ, ਬਲਕਾਰ ਸਿੰਘ,ਰਾਜਿੰਦਰ ਸਿੰਘ, ਬਹਾਦਰ ਸਿੰਘ, ਅਮਨਦੀਪ ਸਿੰਘ ਨੇ ਦੱਸਿਆ ਕਿ ਨਦੀ ’ਤੇ ਲਗਾਏ ਦੁਸਾਰਨਾ ਪੁਲ ਤੋਂ ਅੱਗੇ ਕਲੋਨਾਈਜ਼ਰ ਵੱਲੋਂ ਨਦੀ ਵਿਚ ਭਰਤ ਪਾ ਕੇ ਕਲੋਨੀ ਕੱਟ ਦਿੱਤੀ ਗਈ ਹੈ ਜਦਕਿ ਦੂਜੇ ਪਾਸੇ ਕਲੋਨੀ ਦਾ ਸੰਪਰਕ ਜੋੜਨ ਲਈ ਨਦੀ ਵਿਚ ਪਾਈਪਾਂ ਪਾ ਕੇ ਨਦੀ ਦੇ ਵਹਾਅ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਨਦੀ ਦੇ ਵਹਾਅ ਵਿੱਚ ਖੜ੍ਹੀਆਂ ਕੀਤੀਆਂ ਰੁਕਾਵਟਾਂ ਕਾਰਨ ਨਦੀ ਦਾ ਪਾਣੀ ਪਿੰਡ ਵੱਲ ਨੂੰ ਮੁੜਨ ਲੱਗ ਪਿਆ ਹੈ ਅਤੇ ਸੜਕ ਵਾਲੇ ਪਾਸਿਓਂ ਪਿੰਡ ਨੂੰ ਕਿਸੇ ਵੀ ਸਮੇਂ ਨੁਕਸਾਨ ਪਹੁੰਚਾ ਸਕਦਾ ਹੈ।
ਪੰਚਾਇਤ ਵਲੋਂ ਡੀਸੀ ਨੂੰ ਮੰਗ ਪੱਤਰ
ਪਿੰਡ ਦੀ ਪੰਚਾਇਤ ਵੱਲੋਂ ਇਸ ਮਾਮਲੇ ਸਬੰਧੀ ਮੰਗ ਪੱਤਰ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਸਰਪੰਚ ਬੇਅੰਤ ਕੌਰ ਵੱਲੋਂ ਹਰਦੇਵ ਸਿੰਘ ਪੰਚ ਤੇ ਹੋਰਨਾਂ ਨੇ ਪਿੰਡ ਦੇ ਨੁਕਸਾਨ ਤੋਂ ਬਚਾਅ ਲਈ ਢੁਕਵੇਂ ਕਦਮ ਚੁੱਕਣ ਦੀ ਮੰਗ ਵੀ ਕੀਤੀ।