ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 17 ਨਵੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2021-22 ਲਈ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਰੈਗੂਲਰ ਅਤੇ ਓਪਨ ਸਕੂਲ ਪ੍ਰਣਾਲੀ ਅਧੀਨ ਪ੍ਰੀਖਿਆ ਦੇ ਪ੍ਰੀਖਿਆ ਫਾਰਮ ਅਤੇ ਪ੍ਰੀਖਿਆ ਫ਼ੀਸ ਭਰਨ ਦੇ ਸ਼ਡਿਊਲ ਵਿੱਚ ਤਬਦੀਲੀ ਕੀਤੀ ਗਈ ਹੈ।
ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇਆਰ ਮਹਿਰੋਕ ਨੇ ਦੱਸਿਆ ਕਿ ਅਕਾਦਮਿਕ ਸਾਲ 2021-22 ਲਈ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਰੈਗੂਲਰ ਤੇ ਓਪਨ ਸਕੂਲ ਪ੍ਰਣਾਲੀ ਅਧੀਨ ਕਰਵਾਈ ਜਾਣ ਵਾਲੀ ਟਰਮ-1 ਤੇ ਟਰਮ-2 ਦੇ ਲੇਟ ਫੀਸ ਨਾਲ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫੀਸਾਂ ਹੁਣ 22 ਨਵੰਬਰ ਤੱਕ ਪ੍ਰੀਖਿਆ ਫੀਸ ਦੇ ਨਾਲ 1000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫੀਸ ਬੈਂਕਾਂ ਵਿੱਚ ਚਲਾਨ ਜੈਨਰੇਟ ਕਰਵਾਉਣ ਤੇ 30 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕ ਵਿੱਚ ਪ੍ਰੀਖਿਆ ਫੀਸ ਜਮ੍ਹਾਂ ਕਰਵਾਈ ਜਾ ਸਕੇਗੀ। 26 ਨਵੰਬਰ 2021 ਤੱਕ ਪ੍ਰੀਖਿਆ ਫੀਸ ਦੇ ਨਾਲ 2000 ਰੁਪਏ ਪ੍ਰਤੀ ਪ੍ਰੀਖਿਆਰਥੀ ਲੇਟ ਫੀਸ ਨਾਲ ਬੈਂਕਾਂ ਵਿੱਚ ਚਲਾਨ ਜੈਨਰੇਟ ਕਰਵਾਉਣ ਉਪਰੰਤ 30 ਨਵੰਬਰ 2021 ਤੱਕ ਚਲਾਨ ਰਾਹੀਂ ਬੈਂਕਾਂ ਵਿੱਚ ਪ੍ਰੀਖਿਆ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ।
ਜਿਨ੍ਹਾਂ ਸੰਸਥਾਵਾਂ ਵੱਲੋਂ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਸਬੰਧੀ ਚਲਾਨ ਜੈਨਰੇਟ ਕੀਤੇ ਜਾ ਚੁੱਕੇ ਹਨ, ਉਨ੍ਹਾਂ ਲਈ ਫੀਸ ਚਲਾਨ ’ਤੇ ਦਰਜ ਅੰਤਿਮ ਤਰੀਕ ਤੱਕ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ। ਇਸ ਉਪਰੰਤ ਨਿਰਧਾਰਿਤ ਸ਼ਡਿਊਲ ਅਨੁਸਾਰ ਚਲਾਨ ਰੀ-ਜਨਰੇਟ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਸੰਸਥਾਵਾਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਟਰਮ-1 ਦੀਆਂ ਪ੍ਰੀਖਿਆਵਾਂ ਦਸੰਬਰ ਵਿੱਚ ਕਰਵਾਈਆਂ ਜਾ ਰਹੀਆਂ ਹਨ, ਇਸ ਲਈ ਜਿਨ੍ਹਾਂ ਸੰਸਥਾਵਾਂ ਵੱਲੋਂ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਸਬੰਧੀ ਕਾਰਵਾਈ ਹਾਲੇ ਤੱਕ ਸ਼ੁਰੂ ਨਹੀਂ ਕੀਤੀ ਗਈ, ਉਹ ਉਪਰੋਕਤ ਦਰਜ ਸ਼ਡਿਊਲ ਅਨੁਸਾਰ ਹਰ ਹਾਲਤ ਵਿੱਚ ਪ੍ਰੀਖਿਆ ਫੀਸਾਂ ਜਮ੍ਹਾਂ ਕਰਵਾਉਣ। ਓਪਨ ਸਕੂਲ ਪ੍ਰਣਾਲੀ ਨਾਲ ਸਬੰਧਿਤ ਅਧਿਐਨ ਕੇਂਦਰਾਂ ਦੇ ਮੁਖੀਆਂ ਨੂੰ ਵੀ ਪ੍ਰੀਖਿਆ ਫੀਸ ਜਮ੍ਹਾਂ ਕਰਵਾਉਣ ਤੋਂ 10 ਦਿਨਾਂ ਦੇ ਅੰਦਰ-ਅੰਦਰ ਪ੍ਰੀਖਿਆ ਫਾਰਮ ਖੇਤਰੀ ਦਫ਼ਤਰ ਜਾਂ ਮੁੱਖ ਦਫ਼ਤਰ ਵਿੱਚ ਜਮ੍ਹਾਂ ਕਰਵਾਉਣੇ ਲਾਜ਼ਮੀ ਹੋਣਗੇ।