ਆਤਿਸ਼ ਗੁਪਤਾ
ਚੰਡੀਗੜ੍ਹ, 23 ਜੂਨ
ਯੂਟੀ ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ’ਤੇ ਢਾਈ ਮਹੀਨੇ ਬਾਅਦ ਕਿਸ਼ਤੀਆਂ ਚਲਾਉਣ ਦੇ ਫ਼ੈਸਲੇ ਸਬੰਧੀ ਲੋਕਾਂ ਵਿੱਚ ਭਾਰੀ ਉਤਸ਼ਾਹ ਦਿਖਾਈ ਦਿੱਤਾ ਹੈ। ਅੱਜ ਪਹਿਲੇ ਦਿਨ ਸੀਮਤ ਗਿਣਤੀ ਵਿਚ ਕਿਸ਼ਤੀਆਂ ਚਲਾਈਆਂ ਗਈਆਂ ਜਿਸ ਕਰ ਕੇ ਭਾਰੀ ਉਤਸ਼ਾਹ ਨਾਲ ਸੁਖਨਾ ਝੀਲ ’ਤੇ ਝੂਟੇ ਲੈਣ ਪਹੁੰਚ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਹੈ। ਝੀਲ ’ਤੇ ਝੂਟੇ ਲੈਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਸਨ। ਇਨ੍ਹਾਂ ਵਿੱਚੋਂ ਸਿਰਫ਼ 50 ਦੇ ਕਰੀਬ ਲੋਕ ਹੀ ਕਿਸ਼ਤੀਆਂ ਵਿੱਚ ਝੂਟੇ ਲੈ ਸਕੇ ਹਨ।
ਪ੍ਰਸ਼ਾਸਨ ਦੇ 50 ਫ਼ੀਸਦ ਸਮਰੱਥਾ ਨਾਲ ਕਿਸ਼ਤੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਵੱਡੀ ਗਿਣਤੀ ਵਿੱਚ ਲੋਕ ਸਵੇਰ ਸਮੇਂ ਦੀ ਸੁਖਨਾ ਝੀਲ ’ਤੇ ਪਹੁੰਚੇ। ਮੁਲਾਜ਼ਮਾਂ ਵੱਲੋਂ ਹਦਾਇਤਾਂ ਦੀ ਪਾਲਣਾ ਕਰਦਿਆਂ ਕਿਸ਼ਤੀਆਂ ਵਿੱਚ 50 ਫ਼ੀਸਦ ਸੀਟਿੰਗ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਕਰ ਕੇ ਕਈ ਲੋਕ ਝੂਟੇ ਲੈਣ ਤੋਂ ਵਾਂਝੇ ਰਹਿ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਦੀ ਹਦਾਇਤਾਂ ਅਨੁਸਾਰ 4 ਜਣਿਆਂ ਦੇ ਬੈਠਣ ਵਾਲੀ 3 ਤੋਂ 4 ਕਿਸ਼ਤੀਆਂ ਹੀ ਚਲਾਈਆਂ ਗਈਆਂ। ਇਸ ਵਿੱਚ 50 ਫ਼ੀਸਦ ਸਵਾਰੀਆਂ ਨੂੰ ਬੈਠਣ ਦੀ ਪ੍ਰਵਾਨਗੀ ਦਿੱਤੀ ਹੈ। ਸਿਟਕੋ ਅਧਿਕਾਰੀਆਂ ਨੇ ਦੱਸਿਆ ਕਿ ਬੋਟਿੰਗ ਦੇ ਕੰਮ ’ਤੇ ਤਾਇਨਾਤ ਮੁਲਾਜ਼ਮਾਂ ਦੀ 100 ਫ਼ੀਸਦ ਵੈਕਸੀਨੇਸ਼ਨ ਕਰਵਾ ਦਿੱਤੀ ਗਈ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਕਿਸ਼ਤੀਆਂ ਦੀ ਗਿਣਤੀ ਵਧਾਈ ਜਾਵੇਗੀ।
ਦੱਸਣਯੋਗ ਹੈ ਕਿ ਯੂਟੀ ਪ੍ਰਸ਼ਾਸਨ ਨੇ ਸੁਖਨਾ ਝੀਲ ’ਤੇ ਆਉਣ ਵਾਲਿਆਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਲਈ ਹਰ ਸਮੇਂ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਪ੍ਰਸ਼ਾਸਨ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।