ਕੁਲਦੀਪ ਸਿੰਘ
ਚੰਡੀਗੜ੍ਹ, 25 ਅਕਤੂਬਰ
ਮਨੁੱਖੀ ਹੱਕਾਂ ਦੀ ਲੜਾਈ ਦੌਰਾਨ ਸ਼ਹੀਦ ਹੋਏ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ਬਾਰੇ ਗੁਰਮੀਤ ਕੌਰ ਵੱਲੋਂ ਲਿਖੀ ਕਿਤਾਬ ‘ ਮਰਜੀਵੜਾ ਭਾਈ ਜਸਵੰਤ ਸਿੰਘ ਖਾਲੜਾ’ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਰਿਲੀਜ਼ ਕੀਤੀ ਗਈ। ਇਸ ਮੌਕੇ ਐਡਵੋਕੇਟ ਆਰਐੱਸ ਬੈਂਸ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਪੰਜਾਬ ਵਿਚ ਮਨੁੱਖੀ ਹੱਕਾਂ ਦੀ ਡਟਕੇ ਲੜਾਈ ਲੜੀ ਸੀ। ਉਨ੍ਹਾਂ ਪੰਜਾਬ ਵਿੱਚ ਹੋਏ ਬਹੁਤ ਸਾਰੇ ਝੂਠੇ ਪੁਲੀਸ ਮੁਕਾਬਲਿਆਂ ਦੀ ਅਸਲੀਅਤ ਬਿਆਨ ਕੀਤੀ ਸੀ, ਜਿਸ ਕਾਰਨ ਪੁਲੀਸ ਨੇ ਉਨ੍ਹਾਂ ਹਿਰਾਸਤ ਵਿਚ ਰੱਖਕੇ ਸ਼ਹੀਦ ਕਰ ਦਿੱਤਾ ਸੀ। ਨਵੀਂ ਪੀੜ੍ਹੀ ਭਾਈ ਖਾਲੜਾ ਦੀ ਕੁਰਬਾਨੀ ਤੋਂ ਅਣਜਾਣ ਹੈ। ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਕਿ ਜਸਵੰਤ ਖਾਲੜਾ ਸਾਡੇ ਵਿੱਚ ਅਜੇ ਵੀ ਜ਼ਿੰਦਾ ਹਨ, ਕਿਉਂਕਿ ਉਨ੍ਹਾਂ ਵੱਲੋਂ 25000 ਹਜ਼ਾਰ ਨੌਜਵਾਨਾਂ ਦੀਆਂ ਅਣਪਛਾਤੀਆਂ ਕਹਿਕੇ ਸਾੜੀਆਂ ਲਾਸ਼ਾਂ ਦਾ ਮੁੱਦਾ ਉਠਾਇਆ ਗਿਆ ਸੀ ਅਤੇ ਪੁਲੀਸ ਵੱਲੋਂ ਕੀਤੇ ਝੂਠੇ ਪੁਲੀਸ ਮੁਕਾਬਲੇ ਖ਼ਿਲਾਫ਼ ਡਟਕੇ ਆਵਾਜ਼ ਬੁਲੰਦ ਕੀਤੀ ਗਈ ਸੀ। ਲੇਖਕ ਅਤੇ ਪੱਤਰਕਾਰ ਗੁਰਬਚਨ ਸਿੰਘ ਨੇ ਕਿਹਾ ਕਿ ਜੋ ਅੱਜ ਦਾ ਕਿਸਾਨੀ ਦਾ ਸੰਘਰਸ਼ ਹੈ ਉਹ ਵੀ ਪੰਜਾਬ ‘ਚ ਲੜੀ ਗਈ ਖਾੜਕੂ ਲਹਿਰ ਦਾ ਹੀ ਇਕ ਵਰਤਾਰਾ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸਿੱਖ ਚਿੰਤਕ ਭਾਈ ਖੁਸ਼ਹਾਲ ਸਿੰਘ, ਐਡਵੋਕੇਟ ਜਗਦੀਸ਼ ਸਿੰਘ, ਸਰਬਜੀਤ ਸਿੰਘ ਵੇਰਕਾ ਸ਼ਾਮਲ ਸਨ।