ਸ਼ਸ਼ੀ ਪਾਲ ਜੈਨ
ਖਰੜ, 20 ਸਤੰਬਰ
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਦੀ ਅਗਵਾਈ ਹੇਠ ਗੁਰੂ ਨਾਨਕ ਚੇਅਰ ਫਾਰ ਸਟੱਡੀਜ਼ ਇਨ ਯੂਨੀਵਰਸਲ ਅਡਵਾਂਸਮੈਂਟ ਵੱਲੋਂ ਗੁਰੂ ਅਮਰਦਾਸ ਜੀ ਦੇ 450ਵੇਂ ਜੋਤੀ ਜੋਤਿ ਪੁਰਬ ਨੂੰ ਸੈਮੀਨਾਰ ਦੇ ਰੂਪ ਵਿਚ ਮਨਾਇਆ ਗਿਆ। ਪ੍ਰੋ. ਹਰਬੰਸ ਸਿੰਘ ਬੋਲੀਨਾ (ਸਾਬਕਾ ਚੇਅਰਪਰਸਨ) ਅਤੇ ਡਾ. ਜਗਮੋਹਨ ਸਿੰਘ ਦੁਆਰਾ ਲਿਖੀ ਗਈ ਪੁਸਤਕ ‘ਸਲੋਕ ਅਰਥਾਵਲੀ ਮਹਲਾ ੧ ਕੇ’ ਪ੍ਰਭਾਵਸ਼ਾਲੀ ਸਮਾਗਮ ਵਿੱਚ ਰਿਲੀਜ਼ ਕੀਤੀ ਗਈ। ਡਾ. ਜਗਮੋਹਨ ਸਿੰਘ ਨੇ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਕਿਤਾਬ ਲਿਖਣ ਪਿੱਛੇ ਕੀਤੀ ਗਈ ਮਿਹਨਤ ਬਾਰੇ ਕੁਝ ਨੁਕਤਿਆਂ ਬਾਰੇ ਦੱਸਿਆ। ਇਸ ਕਿਤਾਬ ਬਾਰੇ ਦੱਸਦਿਆਂ ਪ੍ਰੋ. ਹਰਬੰਸ ਸਿੰਘ ਬੋਲੀਨਾ ਨੇ ਕਿਤਾਬ ਦੀ ਬਣਤਰ ਅਤੇ ਇਸ ਵਿਚ ਕੀਤੇ ਗਏ ਕਾਰਜ ਨੂੰ ਵਿਸਥਾਰ ਵਿੱਚ ਦੱਸਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਅਡਵਾਈਜ਼ਰ ਪ੍ਰੋ. ਆਰਐੱਸ ਬਾਵਾ ਨੇ ਕਿਹਾ ਗੁਰੂ ਨਾਨਕ ਚੇਅਰ ਦਾ ਮੁੱਖ ਮਕਸਦ ਗੁਰੂ ਸਾਹਿਬਾਨ ਦੁਆਰਾ ਦਿੱਤੀਆਂ ਗਈਆਂ ਸਿਖਿਆਵਾਂ ਨੂੰ ਸੰਸਾਰਕ ਪੱਧਰ ’ਤੇ ਫੈਲਾਉਣਾ ਹੈ। ਦੂਸਰੇ ਸ਼ੈਸਨ ਵਿੱਚ ‘ਦਿ ਟੈਮਪੋਰਲ ਐਂਡ ਮੈਟਾਫਿਜ਼ੀਕਲ ਲਿਗੇਸੀ ਆਫ ਗੁਰੂ ਅਮਰਦਾਸ ਜੀ’ ਸਿਮਪੋਜੀਅਮ ਦਾ ਆਯੋਜਨ ਕੀਤਾ ਗਿਆ। ਮੁੱਖ ਵਕਤਾ ਪ੍ਰੋ. ਹਰਭਜਨ ਸਿੰਘ ਨੇ ਕਿਹਾ ਕਿ ਗੁਰੂ ਅਮਰਦਾਸ ਦੁਆਰਾ ਗੁਰੂ ਨਾਨਕ ਦੇਵ ਜੀ ਦੁਆਰਾ ਆਰੰਭੇ ਕਾਰਜਾਂ ਨੂੰ ਅੱਗੇ ਤੋਰਨ ਦਾ ਵਿਸਥਾਰਤ ਉਲੇਖ ਕੀਤਾ। ਪ੍ਰਧਾਨਗੀ ਭਾਸ਼ਣ ਵਿੱਚ ਯੂਨੀਵਰਸਿਟੀ ਦੇ ਪ੍ਰੋ. ਵਾਈਸ ਚਾਂਸਲਰ ਡਾ. ਦੇਵਿੰਦਰ ਸਿੰਘ ਸਿੱਧੂ ਨੇ ਗੁਰੂ ਨਾਨਕ ਚੇਅਰ ਨੂੰ ਪੁਸਤਕ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਹਵਾਲੇ ਨਾਲ ਜੀਵਨ ਵਿਚਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਉਪਾਅ ਸੁਝਾਇਆ।
ਅਖੀਰ ਵਿੱਚ ਗੁਰੂ ਨਾਨਕ ਚੇਅਰ ਦੇ ਚੇਅਰਪਰਸਨ, ਪ੍ਰੋ. ਹਰਪਾਲ ਸਿੰਘ ਪੰਨੂੰ ਨੇ ਆਏ ਸਾਰੇ ਪਤਵੰਤਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਨੂੰ ਚਲਾਉਣ ਲਈ ਪ੍ਰੋ. ਪ੍ਰਭਜੋਤ ਕੌਰ ਨੇ ਸੂਤਰਧਾਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਡਾ. ਜਗਦੀਪ ਸਿੰਘ, ਰਣਜੀਤ ਸਿੰਘ, ਦੀਪਇੰਦਰ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਹੋਰਨਾਂ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਦੇ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।