ਮੁਕੇਸ਼ ਕੁਮਾਰ
ਚੰਡੀਗੜ੍ਹ, 28 ਅਕਤੂਬਰ
ਚੰਡੀਗੜ੍ਹ ਨਗਰ ਨਿਗਮ ਦੀ ਅੱਜ ਹੋਈ ਮੀਟਿੰਗ ਦੌਰਾਨ ਵਿਰੋਧੀ ਧਿਰਾਂ ‘ਆਪ’ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਪ੍ਰਸ਼ਾਸਨ ਵੱਲੋਂ ਨਵੇਂ ਥਾਪੇ ਗਏ ਨਾਮਜ਼ਦ ਕੌਂਸਲਰਾਂ ਦੀ ਚੋਣ ਨੂੰ ਲੈ ਕੇ ਨਿਗਮ ਹਾਊਸ ਦੇ ਅੰਦਰ ਅਤੇ ਬਾਹਰ ਖੂਬ ਹੰਗਾਮਾ ਕੀਤਾ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਨਿਗਮ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਨਿਗਮ ਹਾਊਸ ਵਿੱਚ ਨੌਂ ਨਾਮਜ਼ਦ ਕੌਂਸਲਰਾਂ ਦੇ ਸਹੁੰ ਚੁੱਕ ਪ੍ਰੋਗਰਾਮ ਦਾ ਬਾਈਕਾਟ ਕੀਤਾ। ਸਮਾਗਮ ਤੋਂ ਬਾਅਦ ਮੀਟਿੰਗ ਵਿੱਚ ਸ਼ਾਮਲ ਹੋਏ ‘ਆਪ’ ਅਤੇ ਕਾਂਗਰਸ ਕੌਂਸਲਰਾਂ ਨੇ ਨਾਮਜ਼ਦ ਕੌਂਸਲਰਾਂ ਦੀ ਚੋਣ ਨੂੰ ਲੈ ਕੇ ਪੱਖਪਾਤ ਦਾ ਦੋਸ਼ ਲਗਾਉਂਦਿਆਂ ਭਾਜਪਾ ਨੂੰ ਘੇਰਦਿਆਂ ਸਵਾਲ ਖੜ੍ਹੇ ਕੀਤੇ ਅਤੇ ਖੂਬ ਹੰਗਾਮਾ ਕੀਤਾ। ਹੰਗਾਮੇ ਦਰਮਿਆਨ ਨਾਮਜ਼ਦ ਕੌਂਸਲਰ ਵੀ ਮੈਦਾਨ ਵਿੱਚ ਆ ਗਏ ਅਤੇ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਉਨ੍ਹਾਂ ‘ਆਪ’ ਕੌਂਸਲਰਾਂ ਵੱਲੋਂ ਵਰਤੀ ਗਈ ਭਾਸ਼ਾ ਦਾ ਵੀ ਵਿਰੋਧ ਕੀਤਾ ਅਤੇ ਸਦਨ ਦੀ ਮਰਿਆਦਾ ਵਿੱਚ ਰਹਿ ਕੇ ਨਿਗਮ ਦੀ ਕਾਰਵਾਈ ਦਾ ਹਿੱਸਾ ਬਣਨ ਦੀ ਨਸੀਹਤ ਦਿੱਤੀ।
ਹੰਗਾਮਾ ਕਰ ਰਹੇ ਵਿਰੋਧੀ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਾਮਜ਼ਦ ਕੌਂਸਲਰ ਭਾਜਪਾ ਨਾਲ ਸਬੰਧਤ ਹਨ। ਭਾਜਪਾ ਦੇ ਪ੍ਰਭਾਵ ਹੇਠ ਪ੍ਰਸ਼ਾਸਨ ਨੇ ਲੋਕਾਂ ਨਾਲ ਧੋਖਾ ਕੀਤਾ ਹੈ। ਸਹੁੰ ਚੁੱਕ ਸਮਾਗਮ ਦਾ ਬਾਈਕਾਟ ਕਰਦਿਆਂ ‘ਆਪ’ ਕੌਂਸਲਰਾਂ ਨੇ ਨਿਗਮ ਹਾਊਸ ਦੇ ਬਾਹਰ ਨਾਅਰੇਬਾਜ਼ੀ ਕੀਤੀ। ‘ਆਪ’ ਕੌਂਸਲਰਾਂ ਨੇ ਕਿਹਾ ਕਿ ਭਾਜਪਾ ਗਲਤ ਰਵਾਇਤਾਂ ਸ਼ੁਰੂ ਕਰ ਰਹੀ ਹੈ ਅਤੇ ਇਹ ਪੰਜਾਬ ਮਿਉਂਸਿਪਲ ਐਕਟ ਦੀ ਉਲੰਘਣਾ ਹੈ। ਜਦੋਂ ਸਹੁੰ ਚੁੱਕ ਸਮਾਗਮ ਤੋਂ ਬਾਅਦ ਨਾਮਜ਼ਦ ਕੌਂਸਲਰਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ ਤਾਂ ਇਸੇ ਦੌਰਾਨ ਹਾਊਸ ਵਿੱਚ ਹੰਗਾਮਾ ਹੋ ਗਿਆ। ਇਸ ਦੌਰਾਨ ਵਿਰੋਧੀ ਧਿਰ ਦੇ ਕਈ ਕੌਂਸਲਰ ਵੀ ਹਾਊਸ ਦੀ ਮਰਿਆਦਾ ਦੀ ਹੱਦਬੰਦੀ ਭੁੱਲ ਗਏ। ਮੇਅਰ ਸਰਬਜੀਤ ਕੌਰ ਹੰਗਾਮਾ ਕਰ ਰਹੇ ਕੌਂਸਲਰਾਂ ਨੂੰ ਵਾਰ ਵਾਰ ਸਮਝਾਉਂਦੀ ਰਹੀ ਕਿ ਨਾਮਜ਼ਦ ਕੌਂਸਲਰਾਂ ਦੀ ਨਿਯੁਕਤੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੀਤੀ ਹੈ, ਨਾ ਕਿ ਭਾਜਪਾ ਨੇ। ਅਜਿਹੇ ਵਿੱਚ ਇਹ ਵਿਰੋਧ ਠੀਕ ਨਹੀਂ ਹੈ। ਜਦੋਂ ਵਿਵਾਦ ਵਧ ਗਿਆ ਤਾਂ ਨਾਮਜ਼ਦ ਕੌਂਸਲਰ ਵੀ ਮੈਦਾਨ ਵਿੱਚ ਆ ਗਏ। ਉਨ੍ਹਾਂ ਨੇ ਵੀ ਹੰਗਾਮਾ ਕਰ ਰਹੇ ‘ਆਪ’ ਕੌਂਸਲਰਾਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਵਿਰੋਧ ਕੀਤਾ।
ਭਾਜਪਾ ਕੌਂਸਲਰ ਸੌਰਭ ਜੋਸ਼ੀ ਨੇ ਵਿਰੋਧੀ ਧਿਰ ਦੇ ਕੌਂਸਲਰਾਂ ਨੂੰ ਕਿਹਾ ਕਿ ਹਾਊਸ ਵਿੱਚ ਸ਼ਬਦਾਂ ਦੀ ਮਰਿਆਦਾ ਨੂੰ ਨਹੀਂ ਭੁੱਲਣਾ ਚਾਹੀਦਾ। ਉਨ੍ਹਾਂ ਨਾਮਜ਼ਦ ਕੌਂਸਲਰਾਂ ਤੋਂ ਸਮੁੱਚੇ ਹਾਊਸ ਦੀ ਤਰਫੋਂ ਮੁਆਫੀ ਮੰਗੀ। ਇਸਤੋਂ ਬਾਅਦ ਨਿਗਮ ਹਾਊਸ ਦਾ ਮਾਹੌਲ ਕੁਝ ਸ਼ਾਂਤ ਹੋਇਆ। ਨਵੇਂ ਥਾਪੇ ਗਏ 9 ਨਾਮਜ਼ਦ ਕੌਂਸਲਰਾਂ ਨੂੰ ਮਿਲਾ ਕੇ ਹੁਣ ਨਗਰ ਨਿਗਮ ਵਿੱਚ ਕੁੱਲ 44 ਕੌਂਸਲਰ ਹੋ ਗਏ ਹਨ। ਇਨ੍ਹਾਂ ਵਿੱਚੋਂ 35 ਕੌਂਸਲਰ ਚੁਣੇ ਹੋਏ ਹਨ। ਨਿਗਮ ਹਾਊਸ ਦੀ ਮੀਟਿੰਗ ਵਿੱਚ ਦੌਰਾਨ ਪੇਸ਼ ਕੀਤੇ ਗਏ ਮਤਿਆਂ ਨੂੰ ਵੀ ਚਰਚਾ ਤੋਂ ਬਾਅਦ ਪਾਸ ਕੀਤਾ ਗਿਆ। ਮੀਟਿੰਗ ਵਿੱਚ ਕੌਂਸਲਰਾਂ ਨੇ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ। ਇਸ ’ਤੇ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਨੇ ਹਦਾਇਤ ਕੀਤੀ ਕਿ ਸਬੰਧਤ ਅਧਿਕਾਰੀ ਤੁਰੰਤ ਕੌਂਸਲਰਾਂ ਦੇ ਸਵਾਲਾਂ ਦੇ ਜਵਾਬ ਦੇਣ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਨਾਮਜ਼ਦ ਕੀਤੇ ਗਏ ਨੌਂ ਕੌਂਸਲਰਾਂ ਨੂੰ ਹਾਊਸ ਮੀਟਿੰਗ ਤੋਂ ਪਹਿਲਾਂ ਅਹੁਦੇ ਦੀ ਸਹੁੰ ਚੁਕਾਈ। ਨਾਮਜ਼ਦ ਕੌਂਸਲਰ ਅਨਿਲ ਮਸੀਹ, ਨਰੇਸ਼ ਪੰਚਾਲ, ਅਮਿਤ ਜਿੰਦਲ, ਮਹਿੰਦਰ ਕੌਰ, ਸਤਿੰਦਰ ਸਿੰਘ ਸਿੱਧੂ, ਉਮੇਸ਼ ਘਈ, ਧਰਮਿੰਦਰ ਸੈਣੀ, ਗੀਤਾ ਚੌਹਾਨ ਤੇ ਡਾ. ਰਮਣੀਕ ਸਿੰਘ ਬੇਦੀ ਨੇ ਸਹੁੰ ਚੁੱਕੀ। ਇਸ ਤੋਂ ਬਾਅਦ ਨਿਗਮ ਹਾਊਸ ਦੀ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ।
ਨਿਯੁਕਤੀ ਨਾਲ ਭਾਜਪਾ ਦਾ ਕੋਈ ਸਬੰਧ ਨਹੀਂ: ਜੈਨ
ਭਾਜਪਾ ਚੰਡੀਗੜ੍ਹ ਦੇ ਬੁਲਾਰੇ ਕੈਲਾਸ਼ ਜੈਨ ਨੇ ਕਿਹਾ ਕਿ ਨਾਮਜ਼ਦ ਕੌਂਸਲਰਾਂ ਦੀ ਨਿਯੁਕਤੀ ਨਾਲ ਪਾਰਟੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਰਾਜ ਭਵਨ ’ਚ 300 ਤੋਂ ਜ਼ਿਆਦਾ ਨਾਂ ਗਏ ਸਨ, ਜਿਸ ਤੋਂ ਬਾਅਦ ਨਾਵਾਂ ’ਤੇ ਚਰਚਾ ਹੋਈ। ਕਰੀਬ 30 ਨਾਂ ਛਾਂਟੇ ਗਏ। ਇਨ੍ਹਾਂ ਵਿੱਚੋਂ ਪ੍ਰਸ਼ਾਸਨ ਨੇ 9 ਵਿਅਕਤੀਆਂ ਨੂੰ ਕੌਂਸਲਰ ਨਾਮਜ਼ਦ ਕੀਤਾ।