ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਫਰਵਰੀ
ਪਿਛਲੇ ਇਕ ਮਹੀਨੇ ਦੀ ਹੱਡ ਚੀਰਵੀਂ ਠੰਢ ਤੋਂ ਬਾਅਦ ਅੱਜ ਸ਼ਹਿਰ ਵਿੱਚ ਨਿਕਲੀ ਕਰਾਰੀ ਧੁੱਪ ਨੇ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਰਾਹਤ ਦਿੱਤੀ ਹੈ। ਇਸੇ ਦੌਰਾਨ ਚੰਡੀਗੜ੍ਹੀਆਂ ਨੇ ਸਾਰਾ ਦਿਨ ਸ਼ਹਿਰ ’ਚ ਖਿੜੀ ਧੁੱਪ ਦਾ ਆਨੰਦ ਮਾਣਿਆ। ਸੁਖਨਾ ਝੀਲ, ਰੋਜ਼ ਗਾਰਡਨ ਸਣੇ ਹੋਰਨਾਂ ਸੈਲਾਨੀ ਥਾਵਾਂ ’ਤੇ ਲੋਕ ਘੁਮੰਦੇ ਦਿਖਾਈ ਦਿੱਤੇ। ਉਧਰ ਚੱਲ ਰਹੀਆਂ ਸੀਤ ਹਵਾਵਾਂ ਕਰਕੇ ਸਵੇਰ-ਸ਼ਾਮ ਦੀ ਠੰਢ ਬਰਕਰਾਰ ਹੈ। ਤਾਪਮਾਨ ਵੀ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਹਫ਼ਤੇ ਸ਼ਹਿਰ ਵਿੱਚ ਸੰਘਣੀ ਧੁੰਦ ਪੈਣ ਅਤੇ 9 ਫਰਵਰੀ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।
ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 19 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ ਰਿਹਾ। ਇਹ ਆਮ ਨਾਲੋਂ 2 ਡਿਗਰੀ ਸੈਲਸੀਅਸ ਘੱਟ ਸੀ। ਇਕ ਪਾਸੇ ਜਿਥੇ ਧੁੱਪ ਕਾਰਨ ਲੋਕ ਅੱਜ ਘਰਾਂ ਤੋਂ ਬਾਹਰ ਨਿਕਲੇ ਉਥੇ ਦੂਜੇ ਪਾਸੇ ਸ਼ਾਮ ਹੁੰਦਿਆਂ ਹੀ ਹੱਢ ਚੀਰਵੀਆਂ ਹਵਾਵਾਂ ਨੇ ਲੋਕਾਂ ਨੂੰ ਮੁੜ ਘਰਾਂ ਵਿੱਚ ਵਾੜ ਦਿੱਤਾ। ਦਿਨ ਵਿੱਚ ਮੌਸਮ ਸਾਫ ਹੋਣ ਕਰਕੇ ਸ਼ਹਿਰ ਦੀਆਂ ਮਾਰਕੀਟਾਂ ਵਿੱਚ ਖੂਬ ਰੌਣਕ ਦੇਖਣ ਨੂੰ ਮਿਲੀ, ਪਰ ਸ਼ਾਮ ਹੁੰਦੇ ਹੀ ਸੜਕਾਂ ’ਤੇ ਸੰਨਾਟਾ ਪਸਰ ਗਿਆ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਮੌਸਮ ਸਾਫ਼ ਰਹੇਗਾ ਪਰ ਸੰਘਣੀ ਧੁੰਦ ਪੈਣ ਕਰਕੇ ਮੁਸ਼ਕਿਲਾਂ ਵੱਧ ਸਕਦੀਆਂ ਹਨ।