ਟ੍ਰਿਬਿਊਨ ਨਿਉਜ਼ ਸਰਵਿਸ
ਚੰਡੀਗੜ੍ਹ, 7 ਨਵੰਬਰ
ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਨੇ ਬੁੱਧਵਾਰ ਨੂੰ ਚੰਡੀਗੜ੍ਹ ਵਿਚ ਬਰਤਾਨਵੀ ਸਮਰਾਟ ਚਾਰਲਸ ਤਿੰਨ ਦਾ ਜਨਮ ਦਿਨ ਮਨਾਇਆ ਤੇ ਪਾਰਟੀ ਦੀ ਮੇਜ਼ਬਾਨੀ ਕੀਤੀ। ਇਸ ਮੌਕੇ ਸਮਰਾਟ ਚਾਰਲਸ ਵੱਲੋਂ ਕਲਾ, ਵਾਤਾਵਰਨ ਦੀ ਸਥਿਰਤਾ, ਸਿਹਤ ਸੰਭਾਲ ਤੇ ਸਿੱਖਿਆ ਸਣੇ ਵੱਖ ਵੱਖ ਕਾਰਜਾਂ ਵਿਚ ਪਾਏ ਯੋਗਦਾਨ ਦੇ ਨਾਲ ਚਾਰਲਸ 3 ਦੀ ਭਾਰਤ ਖਾਸ ਕਰਕੇ ਚੰਡੀਗੜ੍ਹ ਤੇ ਪੰਜਾਬ ਨਾਲ ਨੇੜਤਾ ਦਾ ਵੀ ਜ਼ਿਕਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਤਾਨਵੀ ਸਮਰਾਟ ਨੇ 2006 ਦੀ ਭਾਰਤ ਯਾਤਰਾ ਦੌਰਾਨ ਚੰਡੀਗੜ੍ਹ, ਪਟਿਆਲਾ, ਆਨੰਦਪੁਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦਾ ਦੌਰਾ ਕੀਤਾ ਸੀ। ਉਹ 2010 ਵਿਚ ਮੁੜ ਪਟਿਆਲਾ ਆਏ ਅਤੇ ਸ਼ਹਿਰੀ ਵਾਤਾਵਰਨ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ ਚਰਚਾ ਲਈ ਚੰਡੀਗੜ੍ਹ ਵਿਚ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਦਫ਼ਤਰ ਵੀ ਗਏ ਸਨ। ਇਸ ਤੋਂ ਇਲਾਵਾ ਉਹ 2013 ਵਿਚ ਵੀ ਭਾਰਤ ਦਾ ਦੌਰਾ ਕਰ ਚੁੱਕੇ ਹਨ।
ਜਨਮ ਦਿਨ ਦੀ ਮੌਕੇ ਰਾਜ ਸਰਕਾਰ, ਸਿਆਸੀ, ਕਲਾ, ਸਿੱਖਿਆ, ਕਾਰੋਬਾਰ, ਮੀਡੀਆ ਤੇ ਖੇਡ ਜਗਤ ਨਾਲ ਜੁੜੀਆਂ ਵੱਖ ਵੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਯੂਕੇ ਤੇ ਭਾਰਤ ਵਿਚਾਲੇ ਸਭਿਆਚਾਰ ਤੇ ਆਰਥਿਕ ਰਿਸ਼ਤਿਆਂ ਦੀ ‘ਗੂੜ੍ਹੀ ਸਾਂਝ’ ਦਾ ਵੀ ਜਸ਼ਨ ਮਨਾਇਆ ਗਿਆ। ਇਸ ਮੌਕੇ ਡਿਪਟੀ ਹਾਈ ਕਮਿਸ਼ਨਰ ਕੈਰੋਲੀਨ ਰੋਵੈਟ ਨੇ ਕਿਹਾ, ‘‘ਚੰਡੀਗੜ੍ਹ ਅਤੇ ਨਾਲ ਦੇ ਖੇਤਰਾਂ ਦੇ ਆਪਣੇ ਦੋਸਤਾਂ ਨਾਲ ਮਿਲ ਕੇ ਬਰਤਾਨਵੀ ਸਮਰਾਟ ਦਾ ਜਨਮਦਿਨ ਮਨਾੳਣਾ ਵੱਡੇ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿੰਗ ਚਾਰਲਸ ਦਾ ਭਾਰਤ ਅਤੇ ਇਥੋਂ ਦੇ ਸਭਿਆਚਾਰ ਪ੍ਰਤੀ ਪਿਆਰ ਕਿਸੇ ਤੋਂ ਲੁਕਿਆ ਨਹੀਂ।