ਸ਼ਸ਼ੀਪਾਲ ਜੈਨ
ਖਰੜ, 7 ਅਗਸਤ
ਖਰੜ ਸਥਿਤ ਕਲੋਨੀ ਦਰਪਣ ਸਿਟੀ ਲਗਪਗ ਇੱਕ ਦਹਾਕੇ ਪਹਿਲਾਂ ਹੋਂਦ ਵਿੱਚ ਆਈ ਸੀ। ਇਸ ਕਲੋਨੀ ਨੂੰ ਜਾਂਦੀਆ ਚਾਰੇ ਸੜਕਾਂ ਟੁੱਟੀਆਂ ਹੋਈਆਂ
ਹਨ ਤੇ ਕਲੋਨੀ ਦੇ ਨਾਲ ਹੀ ਬਣਿਆ ਹੋਇਆ ਡੰਪਿੰਗ ਗਰਾਊਂਡ ਵੀ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣਿਆ ਹੋਇਆ ਹੈ। ਇਸ ਸਬੰਧੀ ਜਰਨੈਲ ਸਿੰਘ ਸੈਣੀ, ਪ੍ਰਦੀਪ ਕੁਮਾਰ, ਕਮਲ੍ਰਪ੍ਰੀਤ ਸਿੰਘ, ਵਿਨੇ ਵਿਨਾਇਕ, ਤਰਨਦੀਪ ਸਿੰਘ ਤੇ ਅਜੇ ਕੁਮਾਰ ਨੇ ਦੱਸਿਆ ਕਿ ਇਸ ਕਲੋਨੀ ਵਿੱਚ ਇਹ ਸੜਕਾਂ 7-8 ਸਾਲ ਪਹਿਲਾਂ ਬਣੀਆਂ ਸਨ ਅਤੇ ਹੁਣ ਬੁਰੀ ਤਰ੍ਹਾਂ ਟੁਟੀਆਂ ਹੋਈਆਂ ਹਨ। ਥੋੜਾ ਜਿਹਾ ਮੀਂਹ ਪੈਣ ਮਗਰੋਂ ਹੀ ਇਥੇ ਪਾਣੀ ਖੜ੍ਹਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾ ਗੱਲੀ ਨੰਬਰ 1 ਤੇ 2 ਦੀ ਉਸਾਰੀ ਦੀ ਕਾਰਵਾਈ ਸ਼ੁਰੂ ਹੋਈ ਸੀ, ਪਰ ਇੱਕ ਸਾਲ ਬੀਤਣ ਮਗਰੋਂ ਵੀ ਕੰਮ ਮੁਕੰਮਲ ਨਹੀਂ ਹੋ ਸਕਿਆ। ਉਨ੍ਹਾਂ ਦੱਸਿਆ ਕਿ ਇੱਕ ਪਾਸੇ ਕਲੋਨੀ ਵਾਸੀ ਟੁੱਟੀਆਂ ਸੜਕਾਂ ਕਾਰਨ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਕਲੋਨੀ ਦੇ ਨਾਲ ਹੀ ਬਣਿਆ ਹੋਇਆ ਡੰਪਿੰਗ ਗਰਾਊਂਡ ਵੀ ਇੱਥੋਂ ਦੇ ਵਸਨੀਕਾਂ ਦਾ ਜੀਣਾ ਮੁਹਾਲ ਕਰ ਰਿਹਾ ਹੈ। ਇਸ ਡੰਪਿੰਗ ਗਰਾਊਂਡ ਕਾਰਨ ਇਲਾਕੇ ਵਿੱਚ ਮੱਖੀਆਂ-ਮੱਛਰਾਂ ਦੀ ਭਰਮਾਰ ਹੈ ਤੇ ਹਰ ਵੇਲੇ ਬਦਬੂ ਫੈਲੀ ਰਹਿੰਦੀ ਹੈ। ਇਸੇ ਸਬੰਧੀ ਵਾਰਡ ਤੋਂ ਕੌਸਲ ਮੈਂਬਰ ਸਰਬਜੀਤ ਕੌਰ ਨੇ ਦੱਸਿਆ ਕਿ ਸੜਕਾਂ ਦੀ ਮੁਰੰਮਤ ਸਬੰਧੀ ਮਤਾ ਪਾਸ ਕਰਕੇ ਭੇਜਿਆ ਗਿਆ ਹੈ, ਪਰ ਹਾਲੇ ਤੱਕ ਸਥਾਨਕ ਸਰਕਾਰਾਂ ਦੇ ਡਾਇਰੈਕਟਰ ਦੇ ਦਫ਼ਤਰ ਤੋਂ ਮਨਜ਼ੂਰੀ ਪ੍ਰਾਪਤ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਕੰਮ ਆਰੰਭ ਦਿੱਤਾ ਜਾਵੇਗਾ।