ਹਰਜੀਤ ਸਿੰਘ
ਜ਼ੀਰਕਪੁਰ, 23 ਮਈ
ਜ਼ੀਰਕਪੁਰ ਦੀਆਂ ਸੜਕਾਂ ਦੀ ਹਾਲਤ ਦਿਨ ਦਿਹਾੜੇ ਖਸਤਾ ਹੁੰਦੀ ਜਾ ਰਹੀ ਹੈ ਪਰ ਨਗਰ ਕੌਂਸਲ ਦੇ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਸਿੱਟੇ ਵਜੋਂ ਸ਼ਹਿਰ ਵਾਸੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਵਿੱਚ ਸਭ ਤੋਂ ਵਧ ਸੜਕਾਂ ਦੀ ਖਸਤਾ ਹਾਲਤ ਕੌਂਸਲ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੇ ਵਾਰਡ 12 ਵਿੱਚ ਬਣੀ ਹੋਈ ਹੈ।
ਜਾਣਕਾਰੀ ਅਨੁਸਾਰ ਸੂਬੇ ਵਿੱਚ ਕਾਂਗਰਸ ਸਰਕਾਰ ਆਉਣ ਮਗਰੋਂ ਅਕਾਲੀ ਦਲ ਅਤੇ ਕਾਂਗਰਸ ’ਚ ਖਿੱਚੋਤਾਣ ਕਾਰਨ ਵਿਕਾਸ ਕਾਰਜ ਠੱਪ ਪਿਆ ਹੈ। ਹੁਣ ਕੌਂਸਲ ’ਤੇ ਵੀ ਕਾਂਗਰਸ ਕਾਬਜ਼ ਹੋਣ ਮਗਰੋਂ ਸ਼ਹਿਰ ਵਾਸੀਆਂ ਨੂੰ ਆਸਾਂ ਹਨ ਕਿ ਹੁਣ ਮੁੜ ਤੋਂ ਸ਼ਹਿਰ ਵਿੱਚ ਰੁਕੇ ਹੋਏ ਵਿਕਾਸ ਕਾਰਜ ਸ਼ੁਰੂ ਹੋਣਗੇ। ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਸ਼ਹਿਰ ਵਿੱਚ ਸੜਕਾਂ ਦੀ ਬਣੀ ਹੋਈ ਹੈ। ਚੰਡੀਗੜ੍ਹ ਅੰਬਾਲਾ ਕੌਮੀ ਸ਼ਾਹ ਰਾਹ ਤੋਂ ਪਿੰਡ ਨਗਲਾ ਨੂੰ ਹੁੰਦੇ ਹੋਏ ਢਕੋਲੀ ਨੂੰ ਜਾਣ ਵਾਲੀ ਸੜਕ, ਢਕੋਲੀ ਤੋਂ ਪਿੰਡ ਸਨੌਲੀ ਤੋਂ ਹੁੰਦੇ ਹੋਏ ਮੁਬਾਰਿਕਪੁਰ ਜਾਣ ਵਾਲੀ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ। ਸੜਕਾਂ ’ਤੇ ਥਾਂ ਥਾਂ ਵੱਡੇ ਵੱਡੇ ਟੋਏ ਪਏ ਹਨ। ਇਸ ਤੋਂ ਇਲਾਵਾ ਸੜਕ ’ਤੇ ਥਾਂ ਥਾਂ ਖੁਦਾਈ ਕੀਤੀ ਗਈ ਹੈ ਜੋ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ। ਇਨ੍ਹਾਂ ਸੜਕਾਂ ਤੋਂ ਇਲਾਵਾ ਪਿੰਡ ਗਾਜ਼ੀਪੁਰ ਨੂੰ ਜਾਣ ਵਾਲੀ ਸੜਕ ਵੀ ਥਾਂ-ਥਾਂ ਤੋਂ ਟੁੱਟੀ ਹੋਈ ਹੈ। ਇਹ ਸਾਰੀਆਂ ਸੜਕਾਂ ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਦੇ ਵਾਰਡ ਨੰਬਰ 12 ਅਧੀਨ ਆਉਂਦੀਆਂ ਹਨ। ਵਾਰਡ ਵਾਸੀਆਂ ਨੂੰ ਕੌਂਸਲ ਪ੍ਰਧਾਨ ਤੋਂ ਵੱਡੀਆਂ ਆਸਾਂ ਹਨ ਕਿ ਉਹ ਸ਼ਹਿਰ ਦੇ ਨਾਲ ਨਾਲ ਆਪਣੇ ਵਾਰਡ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕਰਨਗੇ।
ਕੀ ਕਹਿੰਦੇ ਨੇ ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਉਦੈਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੂਰੇ ਯੋਜਨਾਬੱਧ ਤਰੀਕੇ ਨਾਲ ਸ਼ਹਿਰ ਦਾ ਵਿਕਾਸ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਛੇਤੀ ਸ਼ਹਿਰ ਦੀਆਂ ਸੜਕਾਂ ਦਾ ਕੰਮ ਛੇੜਿਆ ਜਾਵੇਗਾ।