ਹਰਜੀਤ ਸਿੰਘ
ਡੇਰਾਬੱਸੀ, 20 ਮਈ
ਇਲਾਕੇ ਦੇ ਪਿੰਡ ਸੁੰਡਰਾ ਵਿੱਚ ਵਾਪਰੇ ਅਗਨੀ ਕਾਂਡ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬਹੁਜਨ ਸਮਾਜ ਪਾਰਟੀ ਨੇ ਅੱਜ ਇਥੇ ਬੱਸ ਸਟੈਂਡ ’ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਸਾੜਿਆ। ਰੋਸ ਮੁਜ਼ਾਹਰੇ ਦੀ ਅਗਵਾਈ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੀਤੀ। ਇਸ ਮੌਕੇ ਨਵਾਂ ਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ, ਸੂਬਾ ਜਨਰਲ ਸਕੱਤਰ ਰਾਜਾ ਰਜਿੰਦਰ ਸਿੰਘ ਨਨਹੇੜੀਆ ਤੇ ਹੋਰ ਸੀਨੀਅਰ ਆਗੂ ਹਾਜ਼ਰ ਸਨ।
ਇਸ ਮੌਕੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੰਘੇ 25 ਸਾਲਾਂ ਤੋਂ ਸੁੰਡਰਾ ਪਿੰਡ ਵਿੱਚ ਝੁੱਗੀਆਂ ਪਾ ਕੇ ਰਹਿ ਰਹੇ ਪਰਵਾਸੀ ਮਜ਼ਦੂਰਾਂ ਨਾਲ ਤ੍ਰਾਸਦੀ ਵਾਪਰਨ ਦੇ ਛੇ ਦਿਨਾਂ ਬਾਅਦ ਵੀ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ।
ਉਨ੍ਹਾਂ ਨੇ ਦੋਸ਼ ਲਾਇਆ ਕਿ ਅੱਜ ਜਦੋਂ ਪਾਰਟੀ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੂੰ ਬਸਪਾ ਦੇ ਰੋਸ ਮੁਜ਼ਾਹਰੇ ਬਾਰੇ ਪਤਾ ਲੱਗਾ ਤਾਂ ਉਹ ਮਜ਼ਦੂਰਾਂ ਨੂੰ ਸਾਮਾਨ ਦੇਣ ਲਈ ਟਰੱਕ ਭਰਕੇ ਉਨ੍ਹਾਂ ਕੋਲ ਪੁੱਜ ਗਏ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਪਿੰਡ ਸੁੰਡਰਾ ਅਗਨੀਕਾਂਡ ਦੇ ਪੀੜਤਾਂ ਦੀ ਸਾਰ ਨਹੀਂ ਲਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਸੂਬਾਈ ਪੱਧਰ ਤੱਕ ਲੈ ਜਾਣਗੇ। ਸ੍ਰੀ ਗੜ੍ਹੀ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਮੌਕੇ ’ਤੇ ਪਹੁੰਚ ਗਏ ਸਨ ਜਿਸ ਵੇਲੇ ਤੱਕ ਸਰਕਾਰ ਨੇ ਪੀੜਤਾਂ ਲਈ ਕੋਈ ਪ੍ਰਬੰਧ ਨਹੀਂ ਕੀਤੇ ਸਨ।
ਪੀੜਤਾਂ ਲਈ ਮੁਆਵਜ਼ਾ ਤੇ ਸਹਾਇਤਾ ਰਾਸ਼ੀ ਮੰਗੀ
ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਮੰਗ ਕੀਤੀ ਕਿ ਸਰਕਾਰ ਮ੍ਰਿਤਕ ਲੜਕੀ ਦੇ ਮਾਪਿਆਂ ਨੂੰ ਪੰਜਾਹ ਲੱਖ ਰੁਪਏ ਦੇਵੇ ਅਤੇ ਬਾਕੀ ਪੀੜਤਾਂ ਨੂੰ 25 ਲੱਖ ਰੁਪਏ ਪ੍ਰਤੀ ਝੁੱਗੀ ਮੁਆਵਜ਼ਾ ਦਿੱਤਾ ਜਾਏ। ਇਸ ਤੋਂ ਇਲਾਵਾ ਰੈੱਡ ਕਰਾਸ ਫੰਡ ਵਿੱਚੋਂ 50 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਨੂੰ ਦਿੱਤਾ ਜਾਏ। ਉਨ੍ਹਾਂ ਨੇ ਇਸ ਅਗਨੀ ਕਾਂਡ ਦੇ ਮੁੱਖ ਮੁਲਜ਼ਮ, ਜਿਸ ਨੇ ਨਾੜ ਨੂੰ ਅੱਗ ਲਾਈ ਸੀ, ਖ਼ਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਅੱਗ ਦੀ ਲਪੇਟ ਵਿੱਚ ਆ ਕੇ ਝੁੱਗੀਆਂ ਸੜ ਗਈਆਂ ਸਨ ਅਤੇ ਡੇਢ ਸਾਲ ਬੱਚੀ ਦੀ ਮੌਤ ਹੋ ਗਈ ਸੀ। ਬਸਪਾ ਦੇ ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ 27 ਮਈ ਨੂੰ ਜ਼ਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਜਾਏਗਾ। ਉਨ੍ਹਾਂ ਨੇ ਇਸ ਮਾਮਲੇ ਨੂੰ ਵਿਧਾਨ ਸਭਾ ਵਿੱਚ ਚੁੱਕਣ ਦੀ ਗੱਲ ਆਖੀ।