ਮਿਹਰ ਸਿੰਘ
ਕੁਰਾਲੀ, 3 ਅਗਸਤ
ਕੁਰਾਲੀ-ਖਰੜ ਕੌਮੀ ਮਾਰਗ ’ਤੇ ਸੜਕ ਹਾਦਸੇ ਵਿੱਚ ਬਸਪਾ ਆਗੂ ਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਏ ਹਨ। ਦੋਵਾਂ ਨੂੰ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰ ਵੇਲੇ ਉਸ ਸਮੇਂ ਵਾਪਰਿਆ, ਜਦੋਂ ਬਹੁਜਨ ਸਮਾਜ ਪਾਰਟੀ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਯੂਥ ਵਿੰਗ ਦੇ ਕਨਵੀਨਰ ਜਸਵਿੰਦਰ ਸਿੰਘ ਆਪਣੀ ਪਤਨੀ ਅਮਨਦੀਪ ਕੌਰ ਨਾਲ ਕਾਰ ਵਿੱਚ ਕੁਰਾਲੀ ਤੋਂ ਖਰੜ ਵੱਲ ਨੂੰ ਜਾ ਰਹੇ ਸਨ। ਇਸੇ ਦੌਰਾਨ ਜਦੋਂ ਉਨ੍ਹਾ ਦੀ ਕਾਰ ਸਹੌੜਾਂ ਨੇੜੇ ਪੁੱਜੀ ਤਾਂ ਕੋਲੋਂ ਲੰਘ ਰਹੇ ਇੱਕ ਟਿੱਪਰ ਦਾ ਟਾਇਰ ਫਟ ਗਿਆ ਅਤੇ ਟਾਇਰ ਫਟਣ ਦੇ ਪ੍ਰੈਸ਼ਰ ਕਾਰਨ ਉਸ ਦੀ ਕਾਰ ਦੇ ਚਾਰੇ ਸ਼ੀਸ਼ੇ ਟੁੱਟ ਗਏ। ਬਸਪਾ ਆਗੂ ਦੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ।
ਬਹੁਜਨ ਸਮਾਜ ਪਾਰਟੀ ਦੇ ਸੂਬਾਈ ਆਗੂ ਅਤੇ ਬਸਪਾ ਚੰਡੀਗੜ੍ਹ ਦੇ ਇੰਚਾਰਜ ਰਾਜਿੰਦਰ ਸਿੰਘ ਰਾਜਾ ਨਨਹੇੜੀਆਂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਬਡਵਾਲੀ ਆਦਿ ਜ਼ਖ਼ਮੀ ਆਗੂ ਦਾ ਪਤਾ ਲੈਣ ਲਈ ਹਸਪਤਾਲ ਪੁੱਜੇ। ਪੁਲੀਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।