ਪੱਤਰ ਪ੍ਰੇਰਕ
ਐੱਸਏਐਸ ਨਗਰ (ਮੁਹਾਲੀ), 27 ਜੂਨ
ਪੰਜਾਬ ਸਰਕਾਰ ਵੱਲੋਂ ਆਪਣੇ ਪਹਿਲੇ ਬਜਟ ਵਿੱਚ ਮੁਹਾਲੀ ਨੂੰ ਵੱਡੀਆਂ ਸੌਗਾਤਾਂ ਦੇਣ ਨਾਲ ਆਪ ਵਾਲੰਟੀਅਰਾਂ ਸਮੇਤ ਇਲਾਕੇ ਦੇ ਲੋਕ ਬਾਗੋਬਾਗ ਹੋ ਗਏ ਹਨ। ਮੁਹਾਲੀ ਤੋਂ ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਿੱਚ ਆਧੁਨਿਕ ਜ਼ਿਲ੍ਹਾ ਜੇਲ੍ਹ ਦੀ ਉਸਾਰੀ ਲਈ ਪਿੰਡ ਕੁਰੜਾ ਵਿੱਚ 17.5 ਏਕੜ ਜ਼ਮੀਨ ਦੀ ਸਿਫ਼ਾਰਸ਼ ਕੀਤੀ ਗਈ ਹੈ ਅਤੇ ਚਾਲੂ ਵਿੱਤੀ ਸਾਲ ਦੌਰਾਨ ਮਾਡਰਨ ਜੇਲ੍ਹ ਦੀ ਉਸਾਰੀ ਲਈ ਮੁੱਢਲੇ ਤੌਰ ’ਤੇ 10 ਕਰੋੜ ਰੁਪਏ ਰੱਖੇ ਗਏ। ਇਸ ਤੋਂ ਇਲਾਵਾ ਮੁਹਾਲੀ ਵਿੱਚ ਅਨੁਸੂਚਿਤ ਜਾਤੀ ਨਾਲ ਸਬੰਧਤ ਭਲਾਈ ਸੇਵਾਵਾਂ ਇੱਕ ਹੀ ਛੱਤ ਹੇਠ ਪ੍ਰਦਾਨ ਕਰਨ ਲਈ ਡਾ. ਬੀਆਰ ਅੰਬੇਡਕਰ ਭਵਨ ਦੀ ਸਥਾਪਨਾ ਕੀਤੀ ਜਾਵੇਗੀ, ਜਲ ਸਪਲਾਈ ਸਕੀਮਾਂ ਦੇ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਰੱਖ-ਰਖਾਓ ਨੂੰ ਮਜ਼ਬੂਤ ਕਰਨ ਲਈ ਸ਼ਹਿਰ ਵਿੱਚ 10 ਕਰੋੜ ਰੁਪਏ ਦੀ ਲਾਗਤ ਨਾਲ ਜਲ ਭਵਨ ਦੀ ਉਸਾਰੀ ਮੌਜੂਦਾ ਵਿੱਤੀ ਸਾਲ ਦੌਰਾਨ ਕੀਤੀ ਜਾਵੇਗੀ, ਚਾਲੂ ਵਿੱਤੀ ਸਾਲ ਦੌਰਾਨ ਇੱਥੇ ਸਾਬਕਾ ਸੈਨਿਕਾਂ ਲਈ ਇੱਕ ਬਿਰਧ ਆਸ਼ਰਮ ਬਣਾਉਣ ਲਈ ਸਰਕਾਰ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਹੋਰ ਮੰਗਾਂ ਵੀ ਪ੍ਰਵਾਨ ਕੀਤੀਆਂ ਗਈਆਂ ਹਨ।