ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 14 ਮਾਰਚ
ਗਮਾਡਾ ਨੇ ਨਾਜਾਇਜ਼ ਉਸਾਰੀਆਂ ਅਤੇ ਅਣਅਧਿਕਾਰਤ ਕਲੋਨੀਆਂ ਕੱਟਣ ਵਾਲੇ ਬਿਲਡਰਾਂ ਖ਼ਿਲਾਫ਼ ਸ਼ਿਕੰਜਾ ਕੱਸ ਦਿੱਤਾ ਹੈ। ਇਸੇ ਤਹਿਤ ਅੱਜ ਗਮਾਡਾ ਵੱਲੋਂ ਮੁਹਾਲੀ ਨੇੜਲੇ ਪਿੰਡ ਝਾਮਪੁਰ ਵਿੱਚ ਕਰੀਬ 40 ਨਾਜਾਇਜ਼ ਉਸਾਰੀਆਂ ’ਤੇ ਬੁਲਡੋਜ਼ਾਰ ਚਲਾਇਆ ਗਿਆ ਅਤੇ ਪੇਂਡੂ ਖੇਤਰ ਵਿੱਚ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਖੇਤਾਂ ਵਿੱਚ ਪਲਾਟ ਕੱਟਣ ਅਤੇ ਭੋਲੇ ਲੋਕਾਂ ਨੂੰ ਵੇਚਣ ਵਾਲੇ ਬਿਲਡਰਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ।
ਗਮਾਡਾ ਦੀ ਰੈਗੂਲੇਟਰੀ ਬਰਾਂਚ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਗਮਾਡਾ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪੇਂਡੂ ਖੇਤਰ ਵਿਚ ਕਈ ਵਿਅਕਤੀ ਅਣਅਧਿਕਾਰਤ ਕਲੋਨੀਆਂ ਕੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਝਾਮਪੁਰ ਦੇ ਇਲਾਕੇ ਵਿੱਚ ਨਿਰਮਾਣ ਅਧੀਨ ਵੱਖ-ਵੱਖ ਕਲੋਨੀਆਂ ਵਿੱਚ ਕਰੀਬ 40 ਅਣਅਧਿਕਾਰਤ ਉਸਾਰੀਆਂ ’ਤੇ ਬੁਲਡੋਜ਼ਰ ਚਲਾਇਆ ਗਿਆ ਅਤੇ ਇਨ੍ਹਾਂ ਕਲੋਨੀਆਂ ਨੂੰ ਜਾਂਦੇ ਰਾਹ ਅਤੇ ਸੜਕਾਂ ਵਿੱਚ ਵੀ ਖੱਡੇ ਕੀਤੇ ਗਏ ਹਨ। ਇਸੇ ਤਰ੍ਹਾਂ ਪਿੰਡ ਤੀੜਾ ਦੀ ਅਣਅਧਿਕਾਰਤ ਕਲੋਨੀ ਵਿੱਚ ਉਸਾਰੀ ਅਧੀਨ ਪੰਜ ਇਮਾਰਤਾਂ ਨੂੰ ਢਾਹ ਦਿੱਤਾ ਗਿਆ। ਇਸ ਕਾਰਵਾਈ ਨੂੰ ਜੇ.ਈ. ਮਾਣਕ ਬਾਂਸਲ ਅਤੇ ਵਰੁਣ ਕੁਮਾਰ ਦੀ ਅਗਵਾਈ ਹੇਠਲੀ ਟੀਮ ਨੇ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਘਟੌਰ ਵਿੱਚ ਸੱਤ ਗੈਰ- ਕਾਨੂੰਨੀ ਕਲੋਨੀਆਂ ਵਿੱਚ ਕਰੀਬ 30 ਅਤੇ ਪਿੰਡ ਜਵਾਹਰਪੁਰ ਵਿੱਚ ਲਗਪਗ 25 ਅਣਅਧਿਕਾਰਤ ਉਸਾਰੀਆਂ ਨੂੰ ਤਹਿਸ-ਨਹਿਸ ਕੀਤਾ ਗਿਆ ਸੀ।
ਨਾਜਾਇਜ਼ ਕਲੋਨੀਆਂ ਕੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ: ਐੱਸਡੀਓ
ਗਮਾਡਾ ਦੇ ਐੱਸਡੀਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਝਾਮਪੁਰ ਦੇ ਕਈ ਬਿਲਡਰਾਂ ਅਤੇ ਕਲੋਨਾਈਜਰਾਂ ਖ਼ਿਲਾਫ਼ ਕੁੱਝ ਸਮਾਂ ਪਹਿਲਾਂ ਵੀ ਬਲੌਂਗੀ ਥਾਣੇ ਵਿੱਚ ਪਰਚਾ ਦਰਜ ਕਰਵਾਇਆ ਗਿਆ ਸੀ ਪਰ ਹੁਣ ਕਾਫ਼ੀ ਸਮੇਂ ਦੀ ਚੁੱਪ ਤੋਂ ਬਾਅਦ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੇ ਮੁੜ ਤੋਂ ਨਾਜਾਇਜ਼ ਕਲੋਨੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਨੇਮਾਂ ਦੀ ਉਲੰਘਣਾ ਕਰ ਕੇ ਗਮਾਡਾ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਅਣਅਧਿਕਾਰਤ ਕਲੋਨੀਆਂ ਕੱਟਣ ਵਾਲਿਆਂ ਨੂੰ ਕਿਸੇ ਵੀ ਸੂਰਤ ਵਿੱਚ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗਮਾਡਾ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਘਟੌਰ ਅਤੇ ਜਵਾਹਰਵਾਰ ਮਾਮਲੇ ਵਿੱਚ ਵੀ ਪਿਛਲੇ ਦਿਨੀਂ ਕਾਨੂੰਨੀ ਕਾਰਵਾਈ ਲਈ ਐੱਸਐੱਸਪੀ ਨੂੰ ਪੱਤਰ ਲਿਖਿਆ ਗਿਆ ਸੀ ਅਤੇ ਹੁਣ ਪਿੰਡ ਝਾਮਪੁਰ ਅਤੇ ਤੀੜਾ ਵਿੱਚ ਨਾਜਾਇਜ਼ ਕਲੋਨੀਆਂ ਕੱਟਣ ਅਤੇ ਗਲਤ ਤਰੀਕੇ ਨਾਲ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਪੁਲੀਸ ਕਾਰਵਾਈ ਲਈ ਯੋਗ ਪੈਰਵੀ ਕੀਤੀ ਜਾਵੇਗੀ।