ਪੱਤਰ ਪੇ੍ਰਕ
ਲਾਲੜੂ, 10 ਮਈ
ਦੋ ਬੱਚਿਆਂ ਦੀ ਮਾਂ ਨੇ ਇਕ ਮਿੰਨੀ ਬੱਸ ਚਾਲਕ ’ਤੇ ਜਬਰ ਜਨਾਹ ਕਰਨ ਦਾ ਦੋਸ਼ ਲਾਇਆ ਹੈ ਜਿਸ ਵਿੱਚ ਉਸ ਨੇ ਮੁਲਜ਼ਮ ’ਤੇ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕੀਤੇ ਜਾਣ ਦੀ ਧਮਕੀ ਦੇਣ ਦੇ ਦੋਸ਼ ਲਾਏ ਹਨ। ਪੁਲੀਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੀੜਤ ਮਹਿਲਾ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪ੍ਰਾਈਵੇਟ ਦਫਤਰ ਵਿੱਚ ਨੌਕਰੀ ਕਰਦੀ ਸੀ ਤੇ ਡੇਰਾਬਸੀ ਤੋਂ ਜ਼ੀਰਕਪੁਰ ਮਿਨੀ ਬੱਸ ਰਾਹੀਂ ਜਾਂਦੀ ਸੀ, ਬੱਸ ਦਾ ਚਾਲਕ ਅਕਸਰ ਉਸ ਨਾਲ ਹਮਦਰਦੀ ਰੱਖਣ ਦੇ ਬਹਾਨੇ ਨਜ਼ਦੀਕੀਆਂ ਵਧਾਉਣ ਲਈ ਸੀਟ ਰਾਖਵੀਂ ਰੱਖਣ ਲੱਗਾ। ਇਸੇ ਦੌਰਾਨ ਮਿਨੀ ਬੱਸ ਚਾਲਕ ਨੇ ਜੂਨ 2019 ਵਿੱਚ ਲਾਲੜੂ ਦੇ ਇਕ ਹੋਟਲ ਵਿੱਚ ਲਿਜਾ ਕੇ ਉਸ ਨਾਲ ਜਬਰੀ ਸਰੀਰਕ ਸਬੰਧ ਬਣਾਏ ਅਤੇ ਉਸ ਦੀ ਅਸ਼ਲੀਲ ਫੋਟੋ ਅਤੇ ਵੀਡੀਓ ਵੀ ਬਣਾ ਲਈ ਅਤੇ ਧਮਕੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਫੋਟੋਆਂ ਤੇ ਵੀਡੀਓ ਵਾਈਰਲ ਕਰ ਦੇਵੇਗਾ। 23 ਅਪਰੈਲ ਨੂੰ ਜਦੋਂ ਉਹ ਲਾਲੜੂ ਤੋਂ ਆ ਰਹੀ ਸੀ ਤਾਂ ਬੱਸ ਚਾਲਕ ਨੇ ਉਸ ਦਾ ਪਰਸ ਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਉਸ ਨੇ ਸਾਰੀ ਗੱਲ ਆਪਣੇ ਪਤੀ ਨੂੰ ਦੱਸੀ, ਜਿਸ ਨੇ ਲਾਲੜੂ ਥਾਣੇ ਵਿੱਚ ਮਿਨੀ ਬੱਸ ਚਾਲਕ ਉਦੇਵੀਰ ਸਿੰਘ ਵਾਸੀ ਲਾਲੜੂ ਖਿਲਾਫ ਸ਼ਿਕਾਇਤ ਦਿੱਤੀ। ਇਸ ’ਤੇ ਪੁਲੀਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਲਿਆ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਅੱਜ ਡੇਰਾਬਸੀ ਅਦਾਲਤ ਵਿੱਚ ਪੇਸ਼ ਕੀਤਾ, ਜੋ ਦੋ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਹੈ।