ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 13 ਜੂਨ
ਚੰਡੀਗੜ੍ਹ ਤੋਂ ਕਈ ਸਾਲਾਂ ਤੋਂ ਬੰਦ ਲੰਬੀ ਦੂਰੀ ਦੇ ਰੂਟਾਂ ਨੂੰ ਯੂਟੀ ਪ੍ਰਸ਼ਾਸਨ ਨੇ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸੇ ਤਹਿਤ ਚੰਡੀਗੜ੍ਹ ਦੇ ਲੋਕ ਰਾਜਸਥਾਨ ਸਥਿਤ ਸਾਲਾਸਰ ਅਤੇ ਸ੍ਰੀ ਖਾਟੂ ਸ਼ਿਆਮ ਮੰਦਰ ਅਤੇ ਹੋਰਨਾਂ ਧਾਰਮਿਕ ਸਥਾਨਾਂ ਤੱਕ ਬੱਸਾਂ ਰਾਹੀਂ ਪਹੁੰਚ ਸਕਣਗੇ। ਅੱਜ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਤੋਂ 54 ਨਵੇਂ ਰੂਟਾਂ ਲਈ ਬੱਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੇਅਰ ਸਰਬਜੀਤ ਕੌਰ, ਪ੍ਰਸ਼ਾਸਕ ਦੇ ਸਲਾਹਕਾਰ ਸ੍ਰੀ ਧਰਮਪਾਲ, ਸਕੱਤਰ ਟਰਾਂਸਪੋਰਟ ਨਿਤਿਨ ਯਾਦਵ, ਡੀਜੀਪੀ ਪਰਵੀਰ ਰੰਜਨ ਅਤੇ ਵਿੱਤ ਸਕੱਤਰ ਵਿਜੇ ਨਾਮਦੇਵਰਾਓ ਜ਼ਾਦੇ ਵੀ ਹਾਜ਼ਰ ਸਨ। ਚੰਡੀਗੜ੍ਹ ਤੋਂ ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ, ਡੇਰਾ ਬਾਬਾ ਨਾਨਕ, ਉੱਤਰਾਖੰਡ, ਰਿਸ਼ੀਕੇਸ਼ ਸਣੇ ਹੋਰਨਾਂ ਕਈ ਰੂਟਾਂ ’ਤੇ ਸੀਟੀਯੂ ਦੀ ਬੱਸ ਸੇਵਾ 12 ਸਾਲਾਂ ਤੋਂ ਬੰਦ ਚੱਲ ਰਹੀ ਸੀ। ਜਿਨ੍ਹਾਂ ਨੂੰ ਹੁਣ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ 54 ਬੱਸਾਂ ਲਈ 6 ਲੰਬੇ ਰੂਟ, 9 ਸਬ ਅਰਬਨ ਰੂਟ, 11 ਟ੍ਰਾਈਸਿਟੀ ਦੇ ਰੂਟ ਅਤੇ 4 ਨਵੇਂ ਰੂਟ ਸ਼ੁਰੂ ਕੀਤੇ ਹਨ। ਇਨ੍ਹਾਂ ਰੂਟਾਂ ’ਤੇ ਸੀਟੀਯੂ ਦੀਆਂ ਏਸੀ ਅਤੇ ਸਧਾਰਨ ਬੱਸਾਂ ਦੌੜਨਗੀਆਂ। ਇਨ੍ਹਾਂ ਬੱਸਾਂ ਦੇ ਸ਼ੁਰੂ ਹੋਣ ਨਾਲ ਸੀਟੀਯੂ ਆਪਣੇ ਰੋਜ਼ਾਨਾ ਦੇ ਕੰਮਕਾਜ ਲਿੱਚ 18 ਹਜ਼ਾਰ ਕਿੱਲੋਮੀਟਰ ਦਾ ਵਾਧਾ ਹੋਵੇਗਾ। ਇਸ ਨਾਲ ਸੀਟੀਯੂ ਨੂੰ ਰੋਜ਼ਾਨਾ 6 ਲੱਖ ਰੁਪਏ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।