ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 15 ਦਸੰਬਰ
ਮੁਹਾਲੀ ਪੁਲੀਸ ਨੇ ਕੈਬ ਚਾਲਕ ਜਸਪ੍ਰੀਤ ਸਿੰਘ ਉਰਫ਼ ਬਿੱਲਾ (31) ਵਾਸੀ ਇੰਦਰਾ ਕਲੋਨੀ, ਮਨੀਮਾਜਰਾ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਤਿੰਨ ਮੁਲਜ਼ਮਾਂ ਬਲਜੀਤ ਸਿੰਘ ਉਰਫ਼ ਬੱਲੀ ਅਤੇ ਬਲਵਿੰਦਰ ਸਿੰਘ ਉਰਫ਼ ਬਿੱਲਾ ਦੋਵੇਂ ਵਾਸੀ ਪਿੰਡ ਕੁਹਾੜੀਆ (ਫਾਜ਼ਿਲਕਾ) ਅਤੇ ਪ੍ਰੀਤਇੰਦਰ ਸਿੰਘ ਉਰਫ਼ ਸ਼ੇਰੂ ਵਾਸੀ ਧੋਬੀਆਂ ਵਾਲੀ ਗਲੀ (ਬੁਢਲਾਡਾ) ਨੂੰ ਗ੍ਰਿਫ਼ਤਾਰ ਕੀਤਾ ਹੈ।
ਬੀਤੀ 9 ਦਸੰਬਰ ਦੀ ਸ਼ਾਮ ਨੂੰ ਪੁਲੀਸ ਨੇ ਸੈਕਟਰ-86 ਸਥਿਤ ਪਿੰਡ ਨਾਨੂਮਾਜਰਾ-ਸੰਭਾਲਕੀ ਨੇੜਿਓ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਸੀ। ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਬੀਤੇ ਦਿਨੀਂ ਚੰਡੀਗੜ੍ਹ ਵਿੱਚ ਹਥਿਆਰ ਦੀ ਨੋਕ ’ਤੇ ਸਰਾਫ਼ ਨੂੰ ਲੁੱਟਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਸ਼ਾਮਲ ਦੱਸਿਆ ਜਾ ਰਿਹਾ ਹੈ।
ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ 9 ਦਸੰਬਰ ਨੂੰ ਤਿੰਨ ਅਣਪਛਾਤੇ ਵਿਅਕਤੀ ਸੈਕਟਰ-23 ਦੀ ਮਾਰਕੀਟ ਸੁਨਿਆਰੇ ਨੂੰ ਗੋਲੀ ਮਾਰ ਕੇ ਫਰਾਰ ਹੋ ਗਏ ਸਨ। ਉਸੇ ਸ਼ਾਮ ਨੂੰ ਲੁਟੇਰਿਆਂ ਦੇ ਇਕ ਸਾਥੀ ਦੀ ਲਾਸ਼ ਸੈਕਟਰ-86 ਵਿੱਚ ਖੜ੍ਹੀ ਕਾਰ ਵਿੱਚੋਂ ਮਿਲੀ ਸੀ। ਸੋਹਾਣਾ ਥਾਣੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਮੁਲਜ਼ਮਾਂ ਦੀ ਪੈੜ ਨੱਪਣ ਲਈ ਡੀਐੱਸਪੀ (ਡੀ) ਗੁਰਚਰਨ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ।
ਐੱਸਐੱਸਪੀ ਨੇ ਦੱਸਿਆ ਕਿ ਜਾਂਚ ਟੀਮ ਨੇ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਮ੍ਰਿਤਕ ਜਸਪ੍ਰੀਤ ਸਿੰਘ ਦੇ ਸਾਥੀਆਂ ਨੂੰ ਸ਼ੱਕ ਹੋ ਗਿਆ ਸੀ ਕਿ ਉਸ ਬਾਰੇ ਪੁਲੀਸ ਨੂੰ ਪਤਾ ਲੱਗ ਗਿਆ ਹੈ। ਇਹ ਸਾਰੇ ਮੁਲਜ਼ਮ ਐਵਰੀ ਟਾਵਰ ਸੈਕਟਰ-70 ਮੁਹਾਲੀ ਰਹਿੰਦੇ ਸਨ ਅਤੇ ਲਵਪ੍ਰੀਤ ਸਿੰਘ ਅਤੇ ਪਰਗਟ ਸਿੰਘ ਉਨ੍ਹਾਂ ਦੀ ਮਦਦ ਕਰਦੇ ਸਨ ਅਤੇ ਲੋੜ ਪੈਣ ’ਤੇ ਉਨ੍ਹਾਂ ਨੂੰ ਛੁਪਣ ਲਈ ਪਨਾਹ ਵੀ ਦਿੰਦੇ ਸਨ। ਮੁਲਜ਼ਮ ਆਪਸ ਵਿੱਚ ਮਿਲ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਲੁੱਟ ਦੀ ਰਾਸ਼ੀ ਨੂੰ ਵਰਤੋਂ ਵਿੱਚ ਲਿਆਉਣ ਲਈ ਆਪਣੇ ਬੈਂਕ ਖਾਤੇ ਅਪਰੇਟ ਕਰਨ ਲਈ ਲਵਪ੍ਰੀਤ ਅਤੇ ਪਰਗਟ ਨੂੰ ਇਜਾਜ਼ਤ ਦਿੰਦੇ ਸਨ।
ਮੁਲਜ਼ਮਾਂ ਨੇ ਕਾਰੋਬਾਰੀ ਤੋਂ ਕਾਰ ਖੋਹੀ
ਮੁਲਜ਼ਮਾਂ ਨੇ ਦੱਸਿਆ ਕਿ ਲਵਪ੍ਰੀਤ ਅਤੇ ਪਰਗਟ ਸਿੰਘ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ ਅਤੇ ਆਪਣਾ ਹਿੱਸਾ ਲੈਂਦੇ ਸੀ। ਉਨ੍ਹਾਂ ਦੱਸਿਆ ਕਿ 11 ਨਵੰਬਰ ਨੂੰ ਸੈਕਟਰ-82 ਦੀ ਮਾਰਕੀਟ ਵਿੱਚ ਕਾਰੋਬਾਰੀ ਜਸਦੀਪ ਸਿੰਘ ਕੋਲੋਂ ਉਸ ਦੀ ਕਾਰ ਖੋਹੀ ਗਈ ਸੀ। ਇਸ ਵਾਰਦਾਤ ਨੂੰ ਮੁਲਜ਼ਮ ਲਵਪ੍ਰੀਤ ਸਿੰਘ ਅਤੇ ਪਰਗਟ ਸਿੰਘ ਨੇ ਅੰਜਾਮ ਦਿੱਤਾ ਸੀ। ਮੁਲਜ਼ਮਾਂ ਕੋਲੋਂ ਕਾਰੋਬਾਰੀ ਦੀ ਖੋਹੀ ਗੱਡੀ ਦੀ ਸਟੱਪਣੀ ਅਤੇ ਪੀੜਤ ਦਾ ਇਲੈਕਟ੍ਰੋਨਿਕ ਡਿਵਾਈਸ ਬਰਾਮਦ ਕੀਤਾ ਗਿਆ ਹੈ।