ਮੁਕੇਸ਼ ਕੁਮਾਰ
ਚੰਡੀਗੜ੍ਹ, 10 ਜੁਲਾਈ
ਚੰਡੀਗੜ੍ਹ ਦੇ ਮਿਲਖ ਵਿਭਾਗ ਵੱਲੋਂ ਆਪਣੇ ਦਫ਼ਤਰ ਨਾਲ ਸਬੰਧਤ ਬਕਾਇਆ ਦਰਖਾਸਤਾਂ ਦੇ ਨਿਪਟਾਰੇ ਲਈ ਸ਼ਹਿਰ ਵਿੱਚ ਸ਼ਿਕਾਇਤ ਨਿਵਾਰਨ ਕੈਂਪ ਲਾਏ ਜਾ ਰਹੇ ਹਨ। ਅੱਜ ਇੱਥੇ ਸੈਕਟਰ 38 ਸੀ ਦੇ ਕਮਿਊਨਿਟੀ ਸੈਂਟਰ ਵਿੱਚ ਦੂਜੇ ਦਿਨ ਲਾਏ ਗਏ ਕੈਂਪ ਦੌਰਾਨ ਕੁੱਲ 178 ਬਿਨੈਕਾਰਾਂ ਨੇ ਆਪਣੇ ਦਾਅਵਿਆਂ ਅਤੇ ਸਬੰਧਤ ਦਸਤਾਵੇਜ਼ਾਂ ਨਾਲ ਕੈਂਪ ਵਿੱਚ ਪੁੱਜ ਕੇ ਆਪਣੀਆਂ ਦਰਖ਼ਾਸਤਾਂ ਬਾਰੇ ਜਾਣਕਾਰੀ ਲਈ। ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ ਵੱਲੋਂ ਮਿਲਖ ਵਿਭਾਗ ਦਫ਼ਤਰ ਵਿੱਚ ਜਾਇਦਾਦ ਨਾਲ ਸਬੰਧੀ ਸ਼ਹਿਰ ਵਾਸੀਆਂ ਦੇ ਕਾਰਜਾਂ ਦੀ ਲੰਮੀ ਬਕਾਇਆ ਲਿਸਟ ਦੇ ਨਿਪਟਾਰੇ ਲਈ ਇਹ ਦੋ ਦਿਨਾ ਕੈਂਪ ਲਾਇਆ ਗਿਆ। ਬੀਤੇ ਦਿਨ ਸੈਕਟਰ 19 ਦੇ ਕਮਿਊਨਿਟੀ ਸੈਂਟਰ ਵਿੱਚ ਕੈਂਪ ਦੌਰਾਨ ਵੀ 126 ਲੋਕਾਂ ਨੇ ਮਿਲਖ ਵਿਭਾਗ ਦਫਤਰ ਵਿੱਚ ਆਪਣੇ ਲਟਕੇ ਹੋਏ ਕਾਰਜਾਂ ਨੂੰ ਲੈ ਕੇ ਦਰਖ਼ਾਸਤਾਂ ਦਿੱਤੀਆਂ ਸਨ।
ਇਹ ਕੈਂਪ ਪ੍ਰਸ਼ਾਸਨ ਦੇ ਸਹਾਇਕ ਮਿਲਖ ਅਧਿਕਾਰੀ ਹਰਜੀਤ ਸਿੰਘ ਸੰਧੂ ਅਤੇ ਸੌਰਭ ਅਰੋੜਾ ਦੀ ਨਿਗਰਾਨੀ ਹੇਠ ਲਾਏ ਗਏ। ਮਿਲਖ ਵਿਭਾਗ ਦਫ਼ਤਰ ਵੱਲੋਂ ਲਾਏ ਗਏ ਕੈਂਪ ਵਿੱਚ ਵੀ ਲੋਕਾਂ ਵੱਲੋਂ ਜਮ੍ਹਾਂ ਕਰਵਾਈਆਂ ਜ਼ਿਆਦਾਤਰ ਅਰਜ਼ੀਆਂ ਜਾਇਦਾਦ ਦੀ ਮਲਕੀਅਤ ਦੇ ਤਬਾਦਲੇ ਦੇ ਪੈਂਡਿੰਗ ਕੇਸਾਂ ਨਾਲ ਸਬੰਧਤ ਸਨ।
ਇਸ ਤੋਂ ਇਲਾਵਾ, ਆਕਿਊਪੈਂਸੀ ਸਰਟੀਫਿਕੇਟ, ਬਿਲਡਿੰਗ ਪਲਾਨ, ਅਪਡੇਟ ਤੇ ਬਕਾਇਆ ਸਰਟੀਫਿਕੇਟ ਆਦਿ ਸਮੇਤ ਵੱਖ-ਵੱਖ ਸੇਵਾਵਾਂ ਨਾਲ ਸਬੰਧਤ ਅਰਜ਼ੀਆਂ ਸਮੇਤ ਕੁਝ ਬਿਨੈਕਾਰਾਂ ਨੇ ਐੱਸਡੀਐੱਮ ਅਦਾਲਤਾਂ ਵਿੱਚ ਲੰਬਿਤ ਪਏ ਬਿਲਡਿੰਗ ਉਲੰਘਣਾ ’ਤੇ ਦੁਰਵਰਤੋਂ ਦੇ ਮਾਮਲਿਆਂ ਲਈ ਵੀ ਲੋਕ ਕੈਂਪ ਵਿੱਚ ਪੁੱਜੇ।
ਦੋਵੇਂ ਦਿਨਾਂ ਦੇ ਕੈਂਪ ਦੌਰਾਨ ਕੁਝ ਬਿਨੈਕਾਰਾਂ ਨੇ ਮਿਲਖ ਵਿਭਾਗ ਦੇ ਦਾਇਰੇ ਤੋਂ ਬਾਹਰ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਰਨਾਂ ਵਿਭਾਗ ਜਾਂ ਬੋਰਡ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ। ਇਨ੍ਹਾਂ ਸਾਰਿਆਂ ਦੀਆਂ ਅਰਜ਼ੀਆਂ ਨੂੰ ਸਬੰਧਤ ਵਿਭਾਗਾਂ ਨੂੰ ਅੱਗੇ ਭੇਜ ਦਿੱਤਾ ਜਾਵੇਗਾ। ਸਹਾਇਕ ਮਿਲਖ ਅਧਿਕਾਰੀ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੇ ਦਫ਼ਤਰ ਵੱਲੋਂ ਇਹ ਕੈਂਪ ਲਾਏ ਗਏ ਹਨ ਜਿਨ੍ਹਾਂ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਲਗਪਗ ਤਿੰਨ ਸੌ ਲੋਕਾਂ ਨੇ ਜਾਇਦਾਦ ਨਾਲ ਸਬੰਧਤ ਕਾਰਜਾਂ ਸਬੰਧੀ ਦਰਖ਼ਾਸਤਾਂ ਦਿੱਤੀਆਂ।