ਕੁਰਾਲੀ (ਪੱਤਰ ਪ੍ਰੇਰਕ): ਕੌਂਸਲ ਚੋਣਾਂ ਲਈ ਨਾਮਜ਼ਦਗੀਆਂ ਦਾ ਪਹਿਲਾ ਗੇੜ ਖਤਮ ਹੁੰਦਿਆਂ ਹੀ ਚੋਣ ਪ੍ਰਚਾਰ ਵੀ ਤੇਜ਼ੀ ਫੜਨ ਲੱਗ ਪਿਆ ਹੈ। ਸ਼ਹਿਰ ਵਿੱਚ ਪ੍ਰਚਾਰ ਕਰਨ ਦੀ ਕਮਾਨ ਹੁਣ ਮਹਿਲਾਵਾਂ ਨੇ ਸੰਭਾਲ ਲਈ ਹੈ। ਸ਼ਹਿਰ ਦੇ ਵਾਰਡ ਨੰਬਰ-10 ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਚੋਣ ਮੈਦਾਨ ਵਿੱਚ ਉਤਰੇ ਸਾਬਕਾ ਕੌਂਸਲਰ ਬਹਾਦਰ ਸਿੰਘ ਓਕੇ ਦੀ ਪਤਨੀ ਮਨਿੰਦਰ ਕੌਰ ਨੇ ਅੱਜ ਵਾਰਡ ਵਿੱਚ ਚੋਣ ਪ੍ਰਚਾਰ ਕੀਤਾ। ਇਸੇ ਤਰ੍ਹਾਂ ਵਾਰਡ-6 ਤੋਂ ਅਕਾਲੀ ਉਮੀਦਵਾਰ ਤੇ ਸਾਬਕਾ ਮੀਤ ਪ੍ਰਧਾਨ ਦਵਿੰਦਰ ਸਿੰਘ ਠਾਕੁਰ ਦੀ ਪਤਨੀ ਲਖਵਿੰਦਰ ਕੌਰ ਵਲੋਂ ਵੀ ਘਰ ਘਰ ਜਾ ਕੇ ਆਪਣੇ ਪਤੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸੇ ਵਾਰਡ ਤੋਂ ਕਾਂਗਰਸੀ ਉਮੀਦਵਾਰ ਨੰਦੀਪਾਲ ਬਾਂਸਲ ਦੀ ਪਤਨੀ ਵੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੋਣ ਪ੍ਰਚਾਰ ਕਰ ਰਹੀ ਹੈ। ਵਾਰਡ-9 ਤੋਂ ਆਜ਼ਾਦ ਉਮੀਦਵਾਰ ਭਾਵਨਾ ਸ਼ਰਮਾ ਵਲੋਂ ਵੀ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।