ਪੱਤਰ ਪ੍ਰੇਰਕ
ਕੁਰਾਲੀ, 17 ਅਗਸਤ
ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਹਮਲਿਆਂ ਦੇ ਵਿਰੋਧ ਵਿੱਚ ਸਥਾਨਕ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ। ਇਸ ਮੋਮਬੱਤੀ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਅਤੇ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਗੋਪੀ ਰਾਣਾ, ਬਿਕਰਮ ਰਾਣਾ, ਸੰਦੀਪ ਰਾਣਾ, ਕਸ਼ਿਸ਼ ਗੌੜ, ਸੌਰਵ ਰਾਣਾ, ਦਿਵਿਆਂਸ਼ ਮਹਾਜਨ ਅਤੇ ਹੋਰਨਾਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਜਿਸ ਤਰ੍ਹਾਂ ਹਿੰਦੂਆਂ ’ਤੇ ਬੇਰਹਿਮੀ ਨਾਲ ਜੁਲਮ ਕੀਤਾ ਜਾ ਰਿਹਾ ਹੈ, ਨੇ ਸਮੁੱਚੇ ਵਿਸ਼ਵ ਦੀ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਵਿੱਚ ਹਿੰਦੂਆਂ ’ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਲਈ ਦੁਨੀਆਂ ਭਰ ਦੇ ਹਿੰਦੂਆਂ ਨੂੰ ਇਕਜੁੱਟ ਹੋ ਕੇ ਹਮਲੇ ਕਰਨ ਵਾਲਿਆਂ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਮੰਗ ਕੀਤੀ ਕਿ ਬੰਗਲਾਦੇਸ਼ ਸਰਕਾਰ ਆਪਣੇ ਦੇਸ਼ ਵਿੱਚ ਰਹਿ ਰਹੇ ਹਿੰਦੂਆਂ ’ਤੇ ਅੱਤਿਆਚਾਰ ਬੰਦ ਕਰਨਾ ਯਕੀਨੀ ਬਣਾਵੇ ਤੇ ਉਨ੍ਹਾਂ ਦੀ ਸੁਰੱਖਿਆ ਦਾ ਪ੍ਰਬੰਧ ਕਰੇ। ਆਗੂਆਂ ਨੇ ਮੰਗ ਕੀਤੀ ਕਿ ਹਿੰਦੂਆਂ ਨੂੰ ਤਸੀਹੇ ਦੇਣ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਗੋਪੀ ਰਾਣਾ ਤੇ ਹੋਰਨਾਂ ਨੇ ਦੱਸਿਆ ਕਿ ਬੰਗਲਾਦੇਸ਼ ਵਿੱਚ ਹੋ ਰਹੇ ਅੱਤਿਆਚਾਰਾਂ ਦੇ ਵਿਰੋਧ ਵਿੱਚ ਮੋਮਬੱਤੀ ਮਾਰਚ ਕੀਤਾ ਗਿਆ ਹੈ। ਇਸ ਮੌਕੇ ਕਾਰਤਿਕ ਰਾਣਾ, ਗੌਰੀਸ਼ ਕਾਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜ਼ਰ ਸਨ।