ਪੱਤਰ ਪ੍ਰੇਰਕ
ਚੰਡੀਗੜ੍ਹ, 17 ਅਗਸਤ
ਰਾਜਸਥਾਨ ਵਿੱਚ ਦਲਿਤ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਡਾ. ਅੰਬੇਡਕਰ ਸੰਯੁਕਤ ਸੰਘਰਸ਼ ਮੋਰਚਾ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵੱਲੋਂ ਅੱਜ ਗੁਰਦੁਆਰਾ ਗੁਰੂ ਰਵਿਦਾਸ ਸੈਕਟਰ-30 ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ। ਉੱਚ ਜਾਤੀ ਦੇ ਅਧਿਆਪਕ ਵੱਲੋਂ ਰਾਜਸਥਾਨ ਦੇ ਜਲੌਰ ਖੇਤਰ ਵਿੱਚ ਇੱਕ ਨਿੱਜੀ ਸਕੂਲ ਦੇ ਦਲਿਤ ਵਿਦਿਆਰਥੀ ਦੀ ਸਿਰਫ਼ ਇਸ ਕਰ ਕੇ ਕੁੱਟਮਾਰ ਕੀਤੀ ਸੀ ਕਿਉਂਕਿ ਉਸ ਨੇ ਉਸ ਦੇ ਪਾਣੀ ਨੂੰ ਛੂਹ ਲਿਆ ਸੀ। ਕੁੱਟਮਾਰ ਕਾਰਨ ਵਿਦਿਆਰਥੀ ਦੀ ਮੌਤ ਹੋ ਗਈ ਸੀ। ਮੋਰਚੇ ਦੇ ਪ੍ਰਧਾਨ ਓਮ ਪ੍ਰਕਾਸ਼ ਚੋਪੜਾ ਦੀ ਅਗਵਾਈ ਹੇਠ ਕੱਢੇ ਇਸ ਮੋਮਬੱਤੀ ਮਾਰਚ ਵਿੱਚ ਜਿੱਥੇ ਉਕਤ ਮ੍ਰਿਤਕ ਵਿਦਿਆਰਥੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਵਿਸ਼ੇਸ਼ ਅਦਾਲਤ ਰਾਹੀਂ ਇਸ ਕੇਸ ਦਾ ਨਿਪਟਾਰਾ ਕਰਕੇ ਵਿਦਿਆਰਥੀ ਦੀ ਮੌਤ ਲਈ ਦੋਸ਼ੀ ਅਧਿਆਪਕ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਅਨੁਸੂਚਿਤ ਜਾਤੀਆਂ ਪ੍ਰਤੀ ਅਜਿਹੀ ਸੌੜੀ ਅਤੇ ਘਿਣਾਉਣੀ ਮਾਨਸਿਕਤਾ ਰੱਖਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨ ਬਣਾਇਆ ਜਾਵੇ।