ਪੱਤਰ ਪ੍ਰੇਰਕ
ਚੰਡੀਗੜ੍ਹ, 12 ਅਪਰੈਲ
ਪੀ.ਜੀ.ਆਈ. ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਆਪਣੀਆਂ ਵੱਖ-ਵੱਖ ਮੰਗਾਂ ਮਨਵਾਉਣ ਲਈ ਅੱਜ ਮੋਮਬੱਤੀ ਮਾਰਚ ਕੱਢਿਆ ਗਿਆ ਜੋ ਪੀਜੀਆਈ ਤੋਂ ਸ਼ੁਰੂ ਹੋ ਕੇ ਸੈਕਟਰ 15, 16 ਦੀਆਂ ਮਾਰਕੀਟਾਂ ਵਿੱਚੋਂ ਦੀ ਹੁੰਦਾ ਹੋਇਆ ਸੈਕਟਰ 17 ਜਾ ਕੇ ਸਮਾਪਤ ਹੋਇਆ। ਇਸ ਮੌਕੇ ਮੁਲਾਜ਼ਮਾਂ ਨੇ ਪੀਜੀਆਈ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ। ਮਾਰਚ ਵਿੱਚ ਪੀ.ਜੀ.ਆਈ. ਸਫ਼ਾਈ ਕਰਮਚਾਰੀ ਸੰਘ ਚੰਡੀਗੜ੍ਹ ਨੇ ਵੀ ਹਿੱਸਾ ਲਿਆ।
ਯੂਨੀਅਨ ਦੇ ਜਨਰਲ ਸਕੱਤਰ ਅਸ਼ਵਨੀ ਮੁੰਜਾਲ ਨੇ ਦੱਸਿਆ ਕਿ ਯੂਨੀਅਨ ਵੱਲੋਂ ਸੀ.ਐਲ.ਆਰ.ਏ. ਰੂਲਜ਼-1971 ਦੇ ਨਿਯਮ 25(2)(ਵੀ)(ਏ) ਤਹਿਤ ਮੁੱਢਲੀ ਤਨਖਾਹ ’ਤੇ ਮਹਿੰਗਾਈ ਭੱਤੇ ਸਮੇਤ ਬਰਾਬਰ ਉਜਰਤਾਂ ਨੂੰ ਲਾਗੂ ਕਰਵਾਉਣ ਅਤੇ ਕੁਝ ਛੁੱਟੀਆਂ ਦੀ ਮੰਗ ਲਈ ਇਹ ਮਾਰਚ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਮੰਗਾਂ ਸਬੰਧੀ ਡਾਇਰੈਕਟਰ ਪੀ.ਜੀ.ਆਈ. ਅਤੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਨੂੰ ਕਈ ਵਾਰ ਪੱਤਰ ਭੇਜੇ ਜਾ ਚੁੱਕੇ ਹਨ ਪ੍ਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਪਾਸ ਕੀਤੇ ਗਏ ਹੁਕਮਾਂ ’ਤੇ ਨਾ ਤਾਂ ਸਿਹਤ ਮੰਤਰਾਲਾ ਕੋਈ ਅਮਲ ਕਰ ਰਿਹਾ ਹੈ ਅਤੇ ਨਾ ਪੀਜੀਆਈ ਪ੍ਰਸ਼ਾਸਨ। ਕੇਂਦਰ ਸਰਕਾਰ ਦੇ ਰਵੱਈਏ ਤੋਂ ਤੰਗ ਆ ਕੇ ਪੀ.ਜੀ.ਆਈ. ਦੇ ਕੰਟਰੈਕਟ ਵਰਕਰਾਂ ਨੇ ਅੱਜ ਡਿਊਟੀ ਸਮੇਂ ਤੋਂ ਬਾਅਦ ਸ਼ਾਮ 5 ਵਜੇ ਮੋਮਬੱਤੀ ਮਾਰਚ ਕੱਢਿਆ ਅਤੇ ਐਲਾਨ ਕੀਤਾ ਕਿ 21 ਅਪਰੈਲ 2022 ਨੂੰ ਦੁਪਹਿਰ 3 ਵਜੇ ਸਾਈਕਲ ਸਕੂਟਰ ਰੈਲੀ ਕੀਤੀ ਜਾਵੇਗੀ।