ਕੁਲਦੀਪ ਸਿੰਘ
ਚੰਡੀਗੜ੍ਹ, 22 ਅਗਸਤ
ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਐੱਨ.ਐੱਸ.ਯੂ.ਆਈ. ਨੇ ਅੱਜ ਸ਼ਾਮ ਸੈਕਟਰ-17 ਦੇ ਪਲਾਜ਼ਾ ਵਿਚ ਕੈਂਡਲ ਮਾਰਚ ਕੀਤਾ ਤੇ ਨੀਟ ਅਤੇ ਜੇ.ਈ.ਈ. ਦੀਆਂ ਪ੍ਰੀਖਿਆਵਾਂ ਲੈਣ ਦੇ ਫੈਸਲੇ ਦਾ ਵਿਰੋਧ ਕੀਤਾ। ਵਿਦਿਆਰਥੀਆਂ ਨੇ ਕੋਇੰਬਟੂਰ ਵਿੱਚ ਇਕ ਲੜਕੀ ਵੱਲੋਂ ਕੀਤੀ ਗਈ ਖੁਦਕੁਸ਼ੀ ਬਾਰੇ ਵੀ ਪੀੜਤ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।
ਕੈਂਡਲ ਮਾਰਚ ਵਿੱਚ ਸ਼ਾਮਲ ਜਥੇਬੰਦੀ ਦੇ ਰਾਸ਼ਟਰੀ ਕੋਆਰਡੀਨੇਟਰ (ਸੋਸ਼ਲ ਮੀਡੀਆ) ਅਨੁਜ ਸਿੰਘ, ਸੁਖਜੀਤ ਸੁੱਖੀ, ਤਰਲੋਚਨ ਸਿੰਘ, ਗੁਰਕੀਰਤ ਪੰਨੂ, ਮੋਹਿਤ ਅਰੋੜਾ, ਗੁਰਦੀਪ ਸਿੰਘ, ਮਨਪ੍ਰੀਤ ਮਾਹਲ, ਰਾਹੁਲ ਕੁਮਾਰ, ਰਾਜਕਰਨ ਬੈਦਵਾਨ ਅਤੇ ਸਰਵੋਤਮ ਰਾਣਾ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਇਸ ਦੌਰ ਵਿੱਚ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਅਤੇ ਕੇਂਦਰ ਵਿਚਲੀ ਮੋਦੀ ਸਰਕਾਰ ਇਸ ਦੌਰ ਵਿੱਚ ਨੀਟ ਅਤੇ ਜੇਈਈ ਦੀਆਂ ਪ੍ਰੀਖਿਆਵਾਂ ਕਰਵਾਉਣ ਜਾ ਰਹੀ ਹੈ। ਸਰਕਾਰ ਵੱਲੋਂ ਐਲਾਨੀਆਂ ਇਨ੍ਹਾਂ ਪ੍ਰੀਖਿਆਵਾਂ ਕਾਰਨ ਵਿਦਿਆਰਥੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ ਅਤੇ ਵਿਦਿਆਰਥੀ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਊਨ੍ਹਾਂ ਕਿਹਾ ਕਿ ਕੋਇੰਬਟੂਰ ਵਿਚ 19 ਸਾਲਾਂ ਦੀ ਲੜਕੀ ਵੱਲੋਂ ਕੀਤੀ ਗਈ ਆਤਮਹੱਤਿਆ ਇਸੇ ਚਿੰਤਾ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਦਿਆਰਥੀਆਂ ਪ੍ਰਤੀ ਇਸ ਕਥਿਤ ਗੈਰਜ਼ਿੰਮੇਵਾਰਾਨਾ ਰਵੱਈਏ ਕਾਰਨ ਪਾੜ੍ਹਿਆਂ ਵਿੱਚ ਰੋਸ ਵਧਦਾ ਜਾ ਰਿਹਾ ਹੈ।