ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 19 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੁਰਸੀ ਬਚਾਉਣ ਲਈ ਕਰੋੜਪਤੀ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਬਿਨਾਂ ਮੈਰਿਟ ਅਤੇ ਟੈੱਸਟ ਤੋਂ ਪੁਲੀਸ ਤੇ ਮਾਲ ਵਿਭਾਗ ਵਿੱਚ ਨੌਕਰੀ ਦੇ ਕੇ ਲੱਖਾਂ ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ਉੱਤੇ ਡਾਕਾ ਮਾਰਨ ਦਾ ਕੰਮ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਨਿਯਮਾਂ ਨੂੰ ਛਿੱਕੇ ਟੰਗ ਕੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਡੀਐੱਸਪੀ ਦੀ ਨੌਕਰੀ ਦਿੱਤੀ ਗਈ ਸੀ ਤੇ ਹੁਣ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਇੰਸਪੈਕਟਰ ਤੇ ਨਾਇਬ ਤਹਿਸੀਲਦਾਰ ਲਗਾ ਕੇ ਜਮਹੂਰੀਅਤ ਦਾ ਘਾਣ ਕੀਤਾ ਗਿਆ ਹੈ। ਬੱਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਦੀ ਘਰ-ਘਰ ਰੁਜ਼ਗਾਰ ਯੋਜਨਾ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।