ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 11 ਜੁਲਾਈ
ਕਾਂਗਰਸ ਦੇ ਕੌਮੀ ਬੁਲਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁਹਾਲੀ, ਖਰੜ ਅਤੇ ਨਿਊ ਚੰਡੀਗੜ੍ਹ ਖੇਤਰ ਵਿੱਚ ਰੀਅਲ ਅਸਟੇਟ ਮਾਫ਼ੀਆ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਜਿਹੜਾ ਲੋਕਾਂ ਨੂੰ ਪਲਾਟ ਵੇਚਣ ਸਮੇਂ ਕੀਤੇ ਜਾਂਦੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਿਹਾ ਹੈ। ਇੱਥੇ ਮਿਲੇ ਇੱਕ ਵਫ਼ਦ ਨੂੰ ਸ੍ਰੀ ਤਿਵਾੜੀ ਨੇ ਸਮੱਸਿਆਵਾਂ ਦੇ ਹੱਲ ਦਾ ਭਰੋਾ ਦਿੱਤਾ ਤੇ ਕਿਹਾ ਮਸਲੇ ਸਬੰਧੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿੱਜੀ ਤੌਰ ’ਤੇ ਮਿਲਣਗੇ।
ਸ੍ਰੀ ਤਿਵਾੜੀ ਨੇ ਅੱਜ ਇੱਥੋਂ ਦੇ ਸੈਕਟਰ 116-117 ਦੇ ਵਸਨੀਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇੱਥੇ ਬਿਲਡਰਾਂ ਵੱਲੋਂ ਮੁਹੱਈਆ ਕਰਾਈਆਂ ਜਾਂਦੀਆਂ ਸਹੂਲਤਾਂ ਵਿੱਚ ਮੁੱਢਲੀਆਂ ਸਹੂਲਤਾਂ ਦੀ ਘਾਟ ਦੀਆਂ ਅਨੇਕਾਂ ਸ਼ਿਕਾਇਤਾਂ ਸਾਹਮਣੇ ਆਈਆਂ। ਸ੍ਰੀ ਤਿਵਾੜੀ ਨੇ ਲੋਕਾਂ ਨੂੰ ਇਸ ਸਬੰਧੀ ਹਰ ਤਰ੍ਹਾਂ ਦੀ ਕਾਨੂੰਨੀ ਅਤੇ ਹੋਰ ਸਹਾਇਤਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਮੁਹਾਲੀ, ਖਰੜ ਅਤੇ ਨਿਊ ਚੰਡੀਗਡ੍ਹ ਵਿੱਚ ਬਿਲਡਰ ਮਾਫ਼ੀਆ ਦਾ ਲੱਕ ਤੋੜਨ ਦੀ ਲੋੜ ਹੈ। ਉਨ੍ਹਾਂ ਨੇ ਮੁੱਖ ਮੰਤਰੀ, ਜਿਹੜੇ ਗਮਾਡਾ ਦੇ ਮੁਖੀ ਵੀ ਹਨ, ਨੂੰ ਇਨ੍ਹਾਂ ਤਿੰਨਾਂ ਇਲਾਕਿਆਂ ਵਿੱਚ ਸਾਰੇ ਹਾਊਸਿੰਗ ਪ੍ਰਾਜੈਕਟਾਂ ਦੀ ਵਿਅਕਤੀਗਤ ਤੌਰ ’ਤੇ ਸਮੀਖਿਆ ਕਰਨ ਅਤੇ ਪਲਾਟਾਂ ਤੇ ਫਲੈਟਾਂ ਦੀ ਸੇਲ ਵੇਲੇ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਅਸਫ਼ਲ ਰਹਿਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਹ ਮੀਟਿੰਗ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਸੈਕਟਰ-117 ਟੀਡੀਆਈ ਸਿਟੀ ਵੱਲੋਂ ਕਰਵਾਈ ਗਈ। ਇਸ ਮੌਕੇ ਰਵਿੰਦਰਪਾਲ ਸਿੰਘ ਪਾਲੀ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ, ਪਵਨ ਦੀਵਾਨ, ਹਰਪ੍ਰੀਤ ਸਿੰਘ ਬੰਟੀ, ਮਨਜੋਤ ਸਿੰਘ, ਰਣਜੀਤ ਸਿੰਘ ਸਿੱਧੂ, ਜਗਦੀਪ ਕੌਰ ਤੇ ਰਮਨਜੀਤ ਸਿੰਘ ਹਾਜ਼ਰ ਸਨ।