ਜਗਮੋਹਨ ਸਿੰਘ
ਘਨੌਲੀ, 23 ਜੂਨ
ਘਨੌਲੀ-ਰੂਪਨਗਰ ਮਾਰਗ ’ਤੇ ਪਿੰਡ ਖੁਆਸਪੁਰਾ ਨੇੜੇ ਅੱਜ ਕਾਰ ਤੇ ਆਟੋ ਦੀ ਟੱਕਰ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ 9 ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਦੋ ਜਣਿਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪੀਜੀਆਈ, ਚੰਡੀਗੜ੍ਹ, ਰੈਫਰ ਕੀਤਾ ਗਿਆ ਹੈ।
ਕੇਸ ਦੇ ਤਫਤੀਸ਼ੀ ਅਧਿਕਾਰੀ ਏਐੱਸਆਈ ਨਸੀਬ ਖਾਨ ਥਾਣਾ ਸਦਰ ਰੂਪਨਗਰ ਨੇ ਦੱਸਿਆ ਕਿ ਆਟੋ-ਰਿਕਸ਼ਾ ਸਵਾਰੀਆਂ ਲੈ ਕੇ ਘਨੌਲੀ ਤੋਂ ਰੂਪਨਗਰ ਜਾ ਰਿਹਾ ਸੀ। ਜਦੋਂ ਆਟੋ ਚਾਲਕ ਨੇ ਪਿੰਡ ਖੁਆਸਪੁਰਾ ਦੇ ਬੱਸ ਸਟੈਂਡ ਤੋਂ ਸਵਾਰੀ ਚੁੱਕਣ ਲਈ ਆਟੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਪਿੱਛੋਂ ਆ ਰਹੀ ਕਾਰ ਆਟੋਰਿਕਸ਼ਾ ਨਾਲ ਟਕਰਾ ਗਈ। ਹਾਦਸੇ ਦੌਰਾਨ ਜ਼ਖਮੀ ਹੋਏ ਲੋਕਾਂ ਨੂੰ ਸਿਵਲ ਹਸਪਤਾਲ ਰੂਪਨਗਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਕੁਲਦੀਪ ਕੌਰ (58) ਵਾਸੀ ਘਨੌਲੀ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀਆਂ ਦੀ ਪਛਾਣ ਵਿਕਰਮ ਸਿੰਘ ਵਾਸੀ ਹਿਸਾਰ, ਮਨਪ੍ਰੀਤ ਕੌਰ ਵਾਸੀ ਰੂਪਨਗਰ, ਦਵਿੰਦਰ ਸਿੰਘ ਵਾਸੀ ਰਤਨਪੁਰਾ, ਸੋਹਣ ਸਿੰਘ ਵਾਸੀ ਹੁਸੈਨਪੁਰ, ਤਰਨਪ੍ਰੀਤ ਕੌਰ, ਅਮਰਜੀਤ ਕੌਰ ਵਾਸੀ ਕੋਟਲਾ ਨਿਹੰਗ, ਅਕਸ਼ਰਾ ਸੈਣੀ ਵਾਸੀ ਰੂਪਨਗਰ, ਸਤਵਿੰਦਰ ਕੌਰ, ਬਲਵਿੰਦਰ ਕੌਰ ਵਾਸੀ ਘਨੌਲੀ ਤੇ ਅਨਮੋਲ ਵਾਸੀ ਰੂਪਨਗਰ ਵਜੋਂ ਹੋਈ ਹੈ। ਵਿਕਰਮ ਤੇ ਅਕਸ਼ਰਾ ਸੈਣੀ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ। ਪੁਲੀਸ ਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਦੌਰਾਨ ਐੱਸਡੀਐੱਮ ਮਨੀਸ਼ਾ ਰਾਣਾ ਨੇ ਜ਼ਖਮੀਆਂ ਦਾ ਹਾਲ-ਚਾਲ ਪੁੱਛਿਆ ਤੇ ਸੀਨੀਅਰ ਮੈਡੀਕਲ ਅਫਸਰ ਡਾ. ਤਰਸੇਮ ਸਿੰਘ ਨੂੰ ਹਦਾਇਤ ਕੀਤੀ ਕਿ ਜ਼ਖਮੀਆਂ ਨੂੰ ਮਿਆਰੀ ਇਲਾਜ ਸਹੂਲਤਾਂ ਦਿੱਤੀਆਂ ਜਾਣ।