ਪੱਤਰ ਪ੍ਰੇਰਕ
ਕੁਰਾਲੀ, 6 ਜਨਵਰੀ
ਸਥਾਨਕ ਮੋਰਿੰਡਾ ਰੋਡ ’ਤੇ ਸੀਵਰੇਜ ਪਾਈਪ ਲਾਈਨ ਦੀ ਮੁਰੰਮਤ ਲਈ ਸੜਕ ’ਚ ਪੁੱਟੇ ਟੋਏ ’ਚ ਲੰਘੀ ਦੇਰ ਰਾਤ ਕਾਰ ਡਿੱਗਣ ਕਾਰਨ ਤਿੰਨ ਜਣੇ ਜ਼ਖ਼ਮੀ ਹੋ ਗਏ। ਪੀੜਤ ਪਰਿਵਾਰ ਨੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਲੁਧਿਆਣਾ ਵਾਸੀ ਪੰਕਜ ਗੋਇਲ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਮਾਸੀ ਨਾਲ ਕਾਰ ਚੰਡੀਗੜ੍ਹ ਪੀਜੀਆਈ ਤੋਂ ਵਾਪਸ ਆ ਰਹੇ ਸਨ ਕਿ ਕਾਰ ਕੁਰਾਲੀ ਦੇ ਮੇਨ ਚੌਕ ਤੋਂ ਅੱਗੇ ਮੋਰਿੰਡਾ ਰੋਡ ’ਤੇ ਇੱਕ ਪਾਸੇ ਕਾਫੀ ਡੂੰਘਾਈ ਤੱਕ ਪੁੱਟੀ ਸੜਕ ਨਜ਼ਰ ਨਾ ਆਉਣ ਕਾਰਨ ਕਾਰ ਟੋਏ ਵਿੱਚ ਡਿੱਗ ਗਈ ਅਤੇ ਉਹ ਤਿੰਨੋਂ ਜ਼ਖ਼ਮੀ ਹੋ ਗਏ। ਇਸੇ ਦੌਰਾਨ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਕਾਰ ’ਚੋਂ ਬਾਹਰ ਕੱਢ ਲਿਆ। ਸਥਾਨਕ ਦੁਕਾਨਦਾਰਾਂ ਨੇ ਦੱਸਿਆ ਕਿ ਸੀਵਰੇਜ ਵਿੱਚ ਪਿਆ ਨੁਕਸ ਠੀਕ ਕਰਨ ਲਈ ਕਰੀਬ 8 ਮਹੀਨਿਆਂ ਤੋਂ ਸੜਕ ਪੁੱਟੀ ਹੋਈ ਹੈ ਤੇ ਕੰਮ ਹੌਲੀ ਚੱਲਣ ਕਾਰਨ ਰਾਹਗੀਰਾਂ ਤੋਂ ਇਲਾਵਾ ਦੁਕਾਨਦਾਰਾਂ ਪ੍ਰੇਸ਼ਾਨ ਦਾਸਾਹਮਣਾ ਕਰਨ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ।