ਚੰਡੀਗੜ੍ਹ, 3 ਨਵੰਬਰ
ਹਰਿਆਣਾ ਵਿਚ ਸ਼ਾਹਬਾਦ ਨੇੜੇ ਇਕ ਕਾਰ ਨੂੰ ਅੱਗ ਲੱਗ ਗਈ ਜਿਸ ਕਾਰਨ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਇਹ ਘਟਨਾ ਸ਼ਨਿਚਰਵਾਰ ਰਾਤ ਨੂੰ ਉਸ ਵੇਲੇ ਵਾਪਰੀ ਜਦੋਂ ਇਹ ਪਰਿਵਾਰ ਸੋਨੀਪਤ ਤੋਂ ਚੰਡੀਗੜ੍ਹ ਆ ਰਿਹਾ ਸੀ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੰਦੀਪ ਕੁਮਾਰ, ਉਸ ਦੀਆਂ ਧੀਆਂ ਅਮਾਨਤ ਅਤੇ ਪਰੀ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਤਿੰਨ ਜ਼ਖਮੀਆਂ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ ਹੈ।
ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਾਰ ਨੂੰ ਅੱਗ ਕਿਵੇਂ ਲੱਗੀ ਜਦਕਿ ਹਾਦਸੇ ਵਿਚ ਜ਼ਖ਼ਮੀ ਹੋਏ ਕਾਰ ਸਵਾਰ ਨੇ ਦੱਸਿਆ ਕਿ ਜਦੋਂ ਇਹ ਕਾਰ ਪਿੰਡ ਮੋਹੜੀ ਕੋਲ ਪੁੱਜੀ ਤਾਂ ਤਾਰਾਂ ਸ਼ਾਰਟ ਸਰਕਟ ਹੋਣ ਕਾਰਨ ਅਚਾਨਕ ਕਾਰ ਨੂੰ ਅੱਗ ਲੱਗ ਗਈ ਤੇ ਕਾਰ ਆਪਣੇ ਆਪ ਲੌਕ ਹੋ ਗਈ। ਇਹ ਵੀ ਪਤਾ ਲੱਗਿਆ ਹੈ ਕਿ ਸੰਦੀਪ ਚੰਡੀਗੜ੍ਹ ਯੂਨੀਵਰਸਿਟੀ ਵਿਚ ਪ੍ਰੋਫੈਸਰ ਸੀ ਤੇ ਉਹ ਦੀਵਾਲੀ ਮਨਾਉਣ ਆਪਣੇ ਪਰਿਵਾਰ ਨਾਲ ਪਿੰਡ ਗਿਆ ਸੀ ਤੇ ਵਾਪਸੀ ਵੇਲੇ ਇਹ ਹਾਦਸਾ ਵਾਪਰ ਗਿਆ। ਪੀਟੀਆਈ