ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਸਤੰਬਰ
ਇਥੇ ਕਿਸ਼ਨਗੜ੍ਹ ਚੌਕ ਵਿੱਚੋਂ ਬੀਤੇ ਦਿਨ ਤਿੰਨ ਨੌਜਵਾਨਾਂ ਨੇ ਹਥਿਆਰਾਂ ਦੇ ਜ਼ੋਰ ’ਤੇ ਕੈਬ ਚਾਲਕ ਤੋਂ ਕਾਰ ਖੋਹ ਲਈ ਸੀ ਤੇ ਫ਼ਰਾਰ ਹੋ ਗਏ ਸਨ। ਪੁਲੀਸ ਨੇ ਚੌਕਸੀ ਵਰਤਦਿਆਂ ਖੋਹੀ ਹੋਈ ਕਾਰ ਨੂੰ ਮਨੀਮਾਜਰਾ ਵਿੱਚੋਂ ਬਰਾਮਦ ਕਰ ਲਿਆ ਹੈ। ਇਸ ਸਬੰਧੀ ਕਾਰਵਾਈ ਕਰਦਿਆਂ ਥਾਣਾ ਆਈਟੀ ਪਾਰਕ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਊਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਮਾਮਲੇ ’ਚ ਚੰਡੀਗੜ੍ਹ ਪੁਲੀਸ ਦੀ ਅਪਰਾਧ ਸ਼ਾਖਾ (ਕਰਾਈਮ ਬਰਾਂਚ) ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਆਈਟੀ ਪਾਰਕ ਦੇ ਐੱਸਐੱਚਓ ਨੇ ਕਿਹਾ ਕਿ ਕੈਬ ਚਾਲਕ ਮਨੋਜ ਕੁਮਾਰ ਵਾਸੀ ਮਨੀਮਾਜਰਾ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਅਤੇ ਪੜਤਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਵਿਸ਼ੇਸ਼ ਟੀਮ ਬਣਾਈ ਹੈ ਜਿਸ ’ਚ ਐੱਸਐੱਚਓ ਸਣੇ ਹੋਰ ਕਈ ਅਧਿਕਾਰੀ ਸ਼ਾਮਲ ਹਨ। ਪੁਲੀਸ ਵੱਲੋਂ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਕੈਬ ਚਾਲਕ ਨੇ ਪੁਲੀਸ ਕੋਲ ਦਰਜ ਕਰਵਾਇਆ ਬਿਆਨ
ਕੈਬ ਚਾਲਕ ਮਨੋਜ ਕੁਮਾਰ ਨੇ ਪੁਲੀਸ ਨੂੰ ਕੀਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਟੈਕਸੀ ਚਲਾਉਣ ਦੀ ਕੰਮ ਕਰਦਾ ਹੈ ਤੇ ਕਿਸ਼ਨਗੜ੍ਹ ਚੌਕ ਵਿੱਚੋਂ ਲੰਘ ਰਿਹਾ ਸੀ। ਇਸੇ ਦੌਰਾਨ ਤਿੰਨ ਨੌਜਵਾਨਾਂ ਨੇ ਹਥਿਆਰਾਂ ਦਿਖਾ ਕੇ ਉਸ ਤੋਂ ਕਾਰ ਖੋਹ ਲਈ ਤੇ ਫ਼ਰਾਰ ਹੋ ਗਏ। ਊਸ ਨੇ ਕਿਹਾ ਕਿ ਲੁਟੇਰਿਆਂ ਨੇ ਉਸ ’ਤੇ ਹਮਲਾ ਵੀ ਕੀਤਾ ਸੀ।