ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 10 ਜੁਲਾਈ
ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਵਿੱਚ ਦਰੱਖਤ ਡਿੱਗਣ ਕਾਰਨ ਜ਼ਖ਼ਮੀ ਹੋਈ ਸਕੂਲ ਦੀ ਮੁਲਾਜ਼ਮ ਸ਼ੀਲਾ ਪੀਜੀਆਈ ਵਿਚ ਜ਼ੇਰੇ ਇਲਾਜ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਸ ਦਾ ਪਤੀ ਸ਼ਰਾਬ ਪੀਣ ਦਾ ਆਦੀ ਹੈ ਜਿਸ ਕਰਕੇ ਸ਼ੀਲਾ ਇਕੱਲੀ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੀ ਸੀ। ਉਸ ਦੀ ਇਕ ਲੜਕੀ ਦਸਵੀਂ ਜਮਾਤ ਵਿੱਚ ਪੜ੍ਹਦੀ ਹੈ। ਇਹ ਜਾਣਕਾਰੀ ਮਿਲੀ ਹੈ ਕਿ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਭਲਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਜਾਂਚ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕਰਨਗੇ। ਦੂਜੇ ਪਾਸੇ ਵਿਦਿਆਰਥਣ ਦੀ ਮੌਤ ਤੋਂ ਬਾਅਦ ਬੱਚੇ ਸਕੂਲ ਆਉਣ ਤੋਂ ਘਬਰਾਉਣ ਲੱਗੇ ਹਨ। ਹਾਲਾਂਕਿ ਸਕੂਲ ਨੂੰ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ ਪਰ ਇਸ ਸਕੂਲ ਦੇ ਜ਼ਿਆਦਾਤਰ ਵਿਦਿਆਰਥੀ ਸਹਿਮੇ ਹੋਏ ਹਨ। ਇਸ ਸਕੂਲ ਦੇ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਅੱਧੀ ਛੁੱਟੀ ਵੇਲੇ ਜਮਾਤਾਂ ਅੰਦਰ ਖਾਣਾ ਖਾਣ ਦੀ ਇਜ਼ਾਜਤ ਨਹੀਂ ਹੈ ਜਿਸ ਕਰ ਕੇ ਵਿਦਿਆਰਥੀ ਅੱਧੀ ਛੁੱਟੀ ਵੇਲੇ ਬਾਹਰ ਖਾਣਾ ਖਾਂਦੇ ਹਨ ਪਰ ਸਕੂਲ ਵੱਲੋਂ ਵਿਦਿਆਰਥੀਆਂ ਦੇ ਬਾਹਰ ਖਾਣਾ ਖਾਣ ਲਈ ਕੋਈ ਪ੍ਰਬੰਧ ਨਹੀਂ ਹਨ। ਇਸ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਕੂਲ ਦੀਆਂ ਜਮਾਤਾਂ ਅੰਦਰ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਜਾਵੇ। ਦਰੱਖ਼ਤ ਡਿੱਗਣ ਦੇ ਮਾਮਲੇ ਸਬੰਧੀ ਬਾਲ ਕਮਿਸ਼ਨ ਨੇ ਯੂਟੀ ਦੇ ਸਿਖਰਲੇ ਅਧਿਕਾਰੀਆਂ ਨੂੰ ਮੀਟਿੰਗ ਲਈ ਭਲਕੇ 11 ਜੁਲਾਈ ਨੂੰ ਸੱਦਿਆ ਹੈ।
ਵਿਦਿਆਆਰਥੀਆਂ ਦੇ ਮਾਪਿਆਂ ਨੇ ਦੱਸਿ ਕਿ ਜੇ ਸਕੂਲ ਵਲੋਂ ਬੱਚਿਆਂ ਨੂੰ ਜਮਾਤਾਂ ਅੰਦਰ ਖਾਣ ਖਾਣ ਦਿੱਤਾ ਜਾਂਦਾ ਤਾਂ ਇਹ ਹਾਦਸਾ ਟਲ ਜਾਣਾ ਸੀ। ਇਕ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਇਸ ਸਕੂਲ ਵਿਚ ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਕਲਾਸਰੂਮ ਅੰਦਰ ਖਾਣਾ ਖਾਣ ਦਿੱਤਾ ਜਾਂਦਾ ਹੈ ਤੇ ਉਹ ਨੈਪਕਿਨ ਮੇਜ਼ ’ਤੇ ਰੱਖ ਕੇ ਖਾਣਾ ਖਾਂਦੇ ਹਨ ਤੇ ਖਾਣਾ ਖਾਣ ਤੋਂ ਬਾਅਦ ਉਸੇ ਨੈਪਕਿਨ ਨਾਲ ਮੇਜ਼ ਸਾਫ ਕਰਦੇ ਹਨ। ਜੇ ਇਹੀ ਸਹੂਲਤ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਵੇ ਤਾਂ ਸਮੱਸਿਆ ਦੂਰ ਹੋ ਜਾਵੇਗੀ।