ਆਤਿਸ਼ ਗੁਪਤਾ
ਚੰਡੀਗੜ੍ਹ, 11 ਜੁਲਾਈ
ਚੰਡੀਗੜ੍ਹ ਦੇ ਸੈਕਟਰ 9 ’ਚ ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਢਾਈ ਸਦੀਆਂ ਪੁਰਾਣਾ ਪਿੱਪਲ ਦਾ ਦਰੱਖ਼ਤ ਡਿੱਗਣ ਕਾਰਨ ਇੱਕ 16 ਸਾਲਾ ਲੜਕੀ ਦੀ ਮੌਤ ਅਤੇ ਡੇਢ ਦਰਜਨ ਦੇ ਕਰੀਬ ਜ਼ਖ਼ਮੀ ਹੋਏ ਬੱਚਿਆਂ ਦੇ ਹੱਤਿਆਰਾਂ ਦੀ ਗ੍ਰਿਫ਼ਤਾਰੀ ਦੀ ਮੰਗ ਲਈ ਚੰਡੀਗੜ੍ਹ ਯੂਥ ਕਾਂਗਰਸ ਨੇ ਸਕੂਲ ਮੂਹਰੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਥ ਕਾਂਗਰਸ ਦੇ ਆਗੂਆਂ ਨੇ ਸ਼ਾਂਤਮਈ ਢੰਗ ਨਾਲ ਮੌਨ ਰੱਖ ਕੇ ਮ੍ਰਿਤਕ ਹੀਰਾਕਸ਼ੀ ਨੂੰ ਸ਼ਰਧਾਂਜਲੀ ਭੇਟ ਕੀਤੀ, ਉਸ ਤੋਂ ਬਾਅਦ ਹੱਥ ਵਿੱਚ ਤਖਤੀਆਂ ਲੈ ਕੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਢਾਈ ਸਦੀਆਂ ਪੁਰਾਣਾ ਦਰੱਖਤ ਡਿੱਗਣ ਦੇ ਬਾਵਜੂਦ ਯੂਟੀ ਪ੍ਰਸ਼ਾਸਨ ਅਤੇ ਸਕੂਲ ਪ੍ਰਸ਼ਾਸਨ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਹੈ।
ਚੰਡੀਗੜ੍ਹ ਯੂਥ ਕਾਂਗਰਸ ਦੇ ਪ੍ਰਧਾਨ ਮਨੋਜ ਲੁਬਾਣਾ ਨੇ ਕਿਹਾ ਕਿ ਸੈਕਟਰ 9 ਕਾਰਮਲ ਕਾਨਵੈਂਟ ਸਕੂਲ ਵਿੱਚ 8 ਜੁਲਾਈ ਨੂੰ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਨੂੰ ਅੱਜ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਯੂਟੀ ਪ੍ਰਸ਼ਾਸਨ, ਸਕੂਲ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀ ਜਾਂਚ ਨੂੰ ਅੱਗੇ ਨਹੀਂ ਵਧਾ ਪਾ ਰਹੇ ਹਨ। ਸ੍ਰੀ ਲੁਬਾਣਾ ਨੇ ਕਿਹਾ ਕਿ ਸਕੂਲ ਵਿੱਚ ਦਰੱਖਤ ਦੀ ਖਸਤਾ ਹਾਲਤ ਹੋਣ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦੇਣੀ ਸਕੂਲ ਦੀ ਜ਼ਿੰਮੇਵਾਰੀ ਹੈ, ਜੇਕਰ ਸਕੂਲ ਦੇ ਜਾਣਕਾਰੀ ਦੇਣ ਦੇ ਬਾਵਜੂਦ ਦਰੱਖਤ ਨਹੀਂ ਕੱਟਿਆ, ਉਸ ਲਈ ਯੂਟੀ ਪ੍ਰਸ਼ਾਸਨ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਘਟਨਾ ਦੇ ਕਸੂਰਵਾਰਾਂ ਦੀ ਸ਼ਨਾਖਤ ਜਲਦ ਕੀਤੀ ਜਾਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ 8 ਜੁਲਾਈ ਨੂੰ ਸੈਕਟਰ 9 ’ਚ ਸਥਿਤ ਕਾਰਮਲ ਕਾਨਵੈਂਟ ਸਕੂਲ ਵਿੱਚ ਦੁਪਹਿਰ ਸਮੇਂ ਢਾਈ ਸਦੀਆਂ ਪੁਰਾਣੇ ਪਿੱਪਲ ਦੇ ਦਰੱਖਤ ਦੇ ਡਿੱਗਣ ਕਰਕੇ ਇੱਕ ਲੜਕੀ ਦੀ ਮੌਤ ਹੋ ਗਈ ਸੀ ਜਦਕਿ ਡੇਢ ਦਰਜਨ ਦੇ ਕਰੀਬ ਹੋਰ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ ਜਿਨ੍ਹਾਂ ਨੂੰ ਸੈਕਟਰ 16 ਦੇ ਹਸਪਤਾਲ ਅਤੇ ਪੀਜੀਆਈ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ।
ਇਸ ਮਾਮਲੇ ਸਬੰਧੀ ਯੂਟੀ ਦੇ ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਵੀ ਨਿਆਂਇਕ ਜਾਂਚ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਾਲ ਕਮਿਸ਼ਨ ਵੱਲੋਂ ਹਰ ਸਕੂਲ ਨੂੰ ਨਿਯਮਿਤ ਸਮੇਂ ’ਤੇ ਆਡਿਟ ਕਰਵਾਉਣ ਦੀ ਹਦਾਇਤ
ਕਾਰਮਲ ਕਾਨਵੈਂਟ ਸਕੂਲ ਵਿਚ ਦਰੱਖਤ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ ਦਾ ਚੰਡੀਗੜ੍ਹ ਦੇ ਬਾਲ ਕਮਿਸ਼ਨ ਨੇ ਨੋਟਿਸ ਲੈਂਦਿਆਂ ਅੱਜ ਸਿੱਖਿਆ ਵਿਭਾਗ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਵਿਦਿਆਰਥੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਹਰ ਸਕੂਲ ਨੂੰ ਨਿਯਮਿਤ ਸਮੇਂ ’ਤੇ ਆਡਿਟ ਕਰਵਾਉਣ ਦੀ ਹਦਾਇਤ ਕੀਤੀ ਗਈ। ਕਮਿਸ਼ਨ ਨੇ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ, ਐੱਸਐਸੱਪੀ ਤੇ ਹੋਰ ਅਧਿਕਾਰੀਆਂ ਨੂੰ ਸੱਦਿਆ ਸੀ, ਪਰ ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਤੋਂ ਇਲਾਵਾ ਕਿਸੇ ਹੋਰ ਅਧਿਕਾਰੀ ਨੇ ਮੀਟਿੰਗ ਵਿਚ ਸ਼ਿਰਕਤ ਨਹੀਂ ਕੀਤੀ। ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੇ ਮੀਟਿੰਗ ਵਿਚ ਆਪਣੇ ਨੁਮਾਇੰਦੇ ਹੀ ਭੇਜੇ ਜਿਸ ਕਾਰਨ ਮੀਟਿੰਗ ਵਿੱਚ ਵੱਡਾ ਫੈਸਲਾ ਨਹੀਂ ਹੋ ਸਕਿਆ। ਬਾਲ ਕਮਿਸ਼ਨ ਨੇ ਸਾਰੇ ਵਿਭਾਗਾਂ ਨੂੰ ਵਿਸਥਾਰਤ ਰਿਪੋਰਟ ਸਣੇ 14 ਜੁਲਾਈ ਨੂੰ ਮੁੜ ਤਲਬ ਕੀਤਾ ਹੈ।
ਹੀਰਾਕਸ਼ੀ ਨੂੰ ਸ਼ਰਧਾਂਜਲੀ ਦੇਣ ਲਈ ਦੂਜੇ ਸਕੂਲਾਂ ਦੇ ਵਿਦਿਆਰਥੀ ਪਹੁੰਚੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਕਾਰਮਲ ਕਾਨਵੈਂਟ ਸਕੂਲ ਵਿੱਚ ਤਿੰਨ ਦਿਨ ਪਹਿਲਾਂ ਢਾਈ ਸਦੀਆਂ ਪੁਰਾਣਾ ਪਿੱਪਲ ਦਾ ਦਰੱਖ਼ਤ ਡਿੱਗਣ ਕਾਰਨ 16 ਸਾਲਾ ਹੀਰਾਕਸ਼ੀ ਦੀ ਮੌਤ ਅਤੇ ਡੇਢ ਦਰਜਨ ਬੱਚਿਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅੱਜ ਹੀਰਾਕਸ਼ੀ ਦੀ ਆਤਮਾ ਦੀ ਸ਼ਾਂਤੀ ਲਈ ਸੈਕਟਰ 19 ਦੇ ਕਮਿਊਨਿਟੀ ਸੈਂਟਰ ਵਿੱਚ ਸ਼ੋਕ ਸਭਾ ਰੱਖੀ ਗਈ, ਉੱਥੇ ਹੀ ਸੈਕਟਰ 9 ਸਥਿਤ ਸਕੂਲ ਵਿੱਚ ਵੀ ਹੋਰਨਾਂ ਸਕੂਲਾਂ ਦੇ ਵਿਦਿਆਰਥੀ ਪਹੁੰਚ ਰਹੇ ਹਨ ਜਿਨ੍ਹਾਂ ਵੱਲੋਂ ਕਾਰਮਲ ਕਾਨਵੈਂਟ ਸਕੂਲ ਦੇ ਗੇਟ ’ਤੇ ਮੋਮਬੱਤੀਆਂ ਜਗਾ ਅਤੇ ਫੁੱਲ ਚੜ੍ਹਾ ਕੇ ਹੀਰਾਕਸ਼ੀ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ। ਅੱਜ ਦੁਪਹਿਰ ਸਮੇਂ ਸ਼ਹਿਰ ਦੇ ਹੋਰਨਾਂ ਸਕੂਲਾਂ ਦੇ ਵਿਦਿਆਰਥੀ ਕਾਰਮਲ ਕਾਨਵੈਂਟ ਸਕੂਲ ਪਹੁੰਚੇ ਤੇ ਮੋਮਬੱਤੀਆਂ ਜਗਾ ਕੇ ਹੀਰਾਕਸ਼ੀ ਨੂੰ ਸ਼ਰਧਾਂਜਲੀ ਭੇਟ ਕੀਤੀ। ਇਨ੍ਹਾਂ ਵਿੱਚ ਗਿਆਰਵੀਂ ਜਮਾਤ ਦੇ ਵਿਦਿਆਰਥੀ ਅਚਿੰਤਿਆ ਨੇ ਨਮ ਅੱਖਾਂ ਨਾਲ ਦੱਸਿਆ ਕਿ ਉਸ ਦੀ ਭੈਣ ਕਾਰਮਲ ਸਕੂਲ ਵਿੱਚ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਹੈ, ਜੋ ਤਿੰਨ ਦਿਨਾਂ ਤੋਂ ਸਦਮੇ ਵਿੱਚ ਹੈ। ਉਸ ਨੇ ਦੱਸਿਆ ਕਿ ਉਹ ਅਕਸਰ ਇਸੇ ਦਰੱਖਤ ਹੇਠ ਬੈਠ ਕੇ ਭੋਜਨ ਖਾਂਦੀ ਸੀ ਅਤੇ ਆਪਣੀ ਸਹੇਲੀਆਂ ਨਾਲ ਖੇਡਦੀ ਰਹਿੰਦੀ ਸੀ, ਪਰ 8 ਜੁਲਾਈ ਨੂੰ ਉਹ ਦਰੱਖਤ ਕੋਲ ਨਹੀਂ ਆਈ ਜਿਸ ਕਰਕੇ ਉਸ ਦਾ ਬਚਾਅ ਹੋ ਗਿਆ। ਉਸ ਨੇ ਕਿਹਾ ਕਿ ਸਕੂਲ ਵਿੱਚ ਦਰੱਖਤ ਡਿੱਗਣ ਕਾਰਨ ਵਾਪਰੀ ਘਟਨਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਇਸ ਮੌਕੇ ਅਭਿਸ਼ੇਕ ਅਤੇ ਤਨਮਯ ਨੇ ਵੀ ਨਮ ਅੱਖਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਕਾਰਮਲ ਸਕੂਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਸ਼ਹਿਰ ਦੇ ਹੋਰਨਾਂ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਨਾਂ ਵਿੱਚ ਵੀ ਡਰ ਬੈਠ ਗਿਆ ਹੈ, ਜੋ ਦਰੱਖਤ ਹੇਠਾਂ ਬੇਠਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ। ਉਨ੍ਹਾਂ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਹੈਰੀਟੇਜ ਦਰੱਖਤਾਂ ਅਤੇ ਹੋਰ ਪੁਰਾਣੇ ਦਰੱਖਤਾਂ ਦੀ ਸੰਭਾਲ ਲਈ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ।