ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 8 ਸਤੰਬਰ
ਇੱਥੋਂ ਦੇ ਮਾਡਲ ਜੇਲ੍ਹ ਚੰਡੀਗੜ੍ਹ ਵਿੱਚੋਂ ਪੈਰੋਲ ’ਤੇ ਆਇਆ ਕੈਦੀ ਵਾਪਸ ਜੇਲ੍ਹ ਜਾਣ ਦੀ ਥਾਂ ’ਤੇ ਫ਼ਰਾਰ ਹੋ ਗਿਆ ਸੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਥਾਣਾ ਮਲੋਆ ਦੀ ਪੁਲੀਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਚੀਨੂੰ ਵਜੋਂ ਹੋਈ। ਇਹ ਕੇਸ ਮਾਡਲ ਜੇਲ੍ਹ ਚੰਡੀਗੜ੍ਹ ਦੇ ਸੁਪਰਡੈਂਟ ਪ੍ਰਮੋਦ ਖੱਤਰੀ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਮੁਲਜ਼ਮ ਨੂੰ 8 ਜਨਵਰੀ 2024 ਨੂੰ 28 ਦਿਨਾਂ ਵਾਸਤੇ ਪੈਰੋਲ ਦਿੱਤੀ ਗਈ ਸੀ। ਇਸ ਅਨੁਸਾਰ ਮੁਲਜ਼ਮ ਨੂੰ 6 ਫਰਵਰੀ 2024 ਤੱਕ ਜੇਲ੍ਹ ਵਿੱਚ ਵਾਪਸ ਆਉਣਾ ਸੀ ਪਰ ਮੁਲਜ਼ਮ ਜੇਲ੍ਹ ਵਿੱਚ ਆਉਣ ਦੀ ਥਾਂ ਫ਼ਰਾਰ ਹੋ ਗਿਆ ਸੀ। ਉਸ ਨੂੰ ਜੇਲ੍ਹ ਅਧਿਕਾਰੀਆਂ ਵੱਲੋਂ ਭਗੌੜਾ ਐਲਾਨ ਦਿੱਤਾ ਗਿਆ ਸੀ। ਇਸ ਸਬੰਧੀ ਕਾਰਵਾਈ ਕਰਦਿਆਂ ਚੰਡੀਗੜ੍ਹ ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਥਾਣਾ ਮਲੋਆ ਦੀ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।