ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਜਨਵਰੀ
ਬਰਵਾਲਾ ਵਿੱਚ ਇਕ ਲੱਖ ਤੋਂ ਵੱਧ ਮੁਰਗੀਆਂ ਮਰਨ ਤੋਂ ਬਾਅਦ ਹਰਿਆਣਾ ਦਾ ਸਿਹਤ ਵਿਭਾਗ ਚੌਕਸ ਹੋ ਗਿਆ ਹੈ। ਬਰਡ ਫਲੂ ਦੇ ਖਦਸ਼ੇ ਦੇ ਮੱਦੇਨਜ਼ਰ ਪ੍ਰਸ਼ਾਸਨ ਦੀਆਂ ਹਦਾਇਤਾਂ ’ਤੇ ਮੁਰਗੀਆਂ ਦੇ ਸੈਂਪਲ ਭਲਕੇ ਭੋਪਾਲ ਭੇਜੇ ਜਾਣਗੇ। ਇਸ ਦੇ ਨਾਲ ਹੀ ਜਲੰਧਰ ਤੋਂ ਟੀਮ ਇਸ ਖੇਤਰ ਦਾ ਜਾਇਜ਼ਾ ਲੈਣ ਆਵੇਗੀ। ਇਸ ਤੋਂ ਇਲਾਵਾ ਇੱਥੋਂ ਨੇੜਲੇ ਖੇਤਰ ਦੇ ਪੋਲਟਰੀ ਫਾਰਮਾਂ ਵਿੱਚ ਕੰਮ ਕਰਦੇ ਵਰਕਰਾਂ ਦੇ ਵੀ ਸੈਂਪਲ ਲਏ ਗਏ ਹਨ ਤਾਂ ਕਿ ਇਸ ਦੇ ਮਨੁੱਖੀ ਸਿਹਤ ’ਤੇ ਅਸਰ ਨੂੰ ਜਾਂਚਿਆ ਜਾ ਸਕੇ। ਜਾਣਕਾਰੀ ਅਨੁਸਾਰ ਬਰਵਾਲਾ ਵਿੱਚ ਵੱਡੀ ਗਿਣਤੀ ਮੁੁਰਗੀਆਂ ਦੇ ਭੇਤਭਰੀ ਹਾਲਾਤ ਵਿਚ ਮਰਨ ਤੋਂ ਬਾਅਦ ਇੱਥੋਂ ਦੇ ਸਿਹਤ ਵਿਭਾਗ ਨੇ ਭੋਪਾਲ ਦੀ ਹਾਈ ਸਕਿਉਰਿਟੀ ਐਨੀਮਲ ਡਿਸੀਜ਼ ਲੈਬਾਰਟਰੀ ਵਿੱਚ ਸੈਂਪਲ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਜਲੰਧਰ ਦੀ ਖੇਤਰੀ ਲੈਬਾਰਟਰੀ ਵਿੱਚ ਸੈਂਪਲ ਭੇਜੇ ਗਏ ਸਨ ਜਿਸ ਦੀ ਹਾਲੇ ਤੱਕ ਰਿਪੋਰਟ ਨਹੀਂ ਆਈ। ਇਹ ਵੀ ਪਤਾ ਲੱਗਾ ਹੈ ਕਿ ਪੰਚਕੂਲਾ ਤੇ ਨੇੜਲੇ ਖੇਤਰ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਜੇ ਪੋਲਟਰੀ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੂੰ ਬੁਖਾਰ, ਖੰਘ ਤੇ ਗਲਾ ਖਰਾਬ ਹੋਣ ਦੀ ਸ਼ਿਕਾਇਤ ਆਉਂਦੀ ਹੈ ਤਾਂ ਉਸ ਦੀ ਸੂਚਨਾ ਤੁਰੰਤ ਦਿੱਤੀ ਜਾਵੇ।
ਹਰਿਆਣਾ ਦੇ ਪਸ਼ੂ ਪਾਲਣ ਵਿਭਾਗ ਤੇ ਪੰਚਕੂਲਾ ਪ੍ਰਸ਼ਾਸਨ ਵੱਲੋਂ 5 ਜਨਵਰੀ ਨੂੰ ਹਾਲਾਤ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਜਾਵੇਗੀ ਜਿਸ ਵਿਚ ਵੱਖ-ਵੱਖ ਟੀਮਾਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਦੱਸਣਾ ਬਣਦਾ ਹੈ ਕਿ ਇਸ ਖੇਤਰ ਵਿਚ 100 ਦੇ ਕਰੀਬ ਪੋਲਟਰੀ ਫਾਰਮ ਹਨ ਜਿਨ੍ਹਾਂ ਵਿੱਚ ਅੱਠ ਤੋਂ ਦਸ ਹਜ਼ਾਰ ਦੇ ਕਰੀਬ ਵਰਕਰ ਕੰਮ ਕਰਦੇ ਹਨ।