ਫ਼ਤਹਿਗੜ੍ਹ ਸਾਹਿਬ (ਪੱਤਰ ਪ੍ਰੇਰਕ): ਸਰਹਿੰਦ-ਪਟਿਆਲਾ ਮਾਰਗ ’ਤੇ ਸਥਿਤ ਪਿੰਡ ਖਰੋੜ੍ਹਾ ਕੋਲ 7 ਅਕਤੂਬਰ ਨੂੰ ਹੋਈ ਕਥਿਤ ਲੁੱਟ-ਖੋਹ ਦੇ ਮਾਮਲਾ ਹੱਲ ਕਰਦਿਆਂ ਮੂਲੇਪੁਰ ਪੁਲੀਸ ਨੇ ਸ਼ਿਕਾਇਤਕਰਤਾ ਆਟੋ ਚਾਲਕ ਨੂੰ ਹੀ ਜਾਂਚ ਦੌਰਾਨ ਮੁਲਜ਼ਮ ਪਾਏ ਜਾਣ ’ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁ਼ਲਜ਼ਮ ਨੇ ਰਕਮ ਵੀ ਬਰਾਮਦ ਕਰਵਾ ਦਿੱਤੀ ਹੈ। ਮੰਜ਼ਰ ਇਮਾਮ ਮੂਲ ਵਾਸੀ ਬਿਹਾਰ ਹਾਲ ਵਾਸੀ ਕਾਂਸਲ ਜ਼ਿਲ੍ਹਾ ਮੁਹਾਲੀ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਚੰਡੀਗੜ੍ਹ ਸਥਿਤ ਇੱਕ ਇਲੈਕਟ੍ਰਾਨਿਕਸ ਫਰਮ ’ਚ ਡਰਾਈਵਰ ਹੈ, ਜਿਸ ਵੱਲੋਂ ਭੇਜਿਆ ਗਿਆ ਸਾਮਾਨ ਉਹ ਆਟੋ ’ਤੇ ਨਾਭਾ ਵਿਖੇ ਛੱਡਣ ਮਗਰੋਂ ਪੇਮੈਂਟ ਦੇ 3,95,500 ਰੁਪਏ ਲੈ ਕੇ ਚੰਡੀਗੜ੍ਹ ਵਾਪਸ ਜਾ ਰਿਹਾ ਸੀ। ਪਿੰਡ ਖਰੌੜ੍ਹਾ ਦੇ ਪੈਟਰੌਲ ਪੰਪ ਨੇੜੇ ਦੋ ਬੁਲੇਟ ਮੋਟਰਸਾਈਕਲ ਸਵਾਰ ਦੋ ਮੋਨੇ ਨੌਜਵਾਨ ਉਸ ਕੋਲੋਂ ਉਕਤ ਰਕਮ ਖੋਹ ਕੇ ਲਏ ਗਏ।