ਪੱਤਰ ਪ੍ਰੇਰਕ
ਖਰੜ, 21 ਜੂਨ
ਖਰੜ ਸਿਟੀ ਪੁਲੀਸ ਨੇ ਮਨਜੀਤ ਕੌਰ ਨਾਂ ਦੀ ਸੰਤੇ ਮਾਜਰਾ ਕਲੋਨੀ ਦੀ ਸ਼ਿਕਾਇਤ ’ਤੇ ਵਿਦੇਸ਼ ਭੇਜਣ ਦੇ ਨਾਂ ’ਤੇ ਸਾਢੇ 26 ਲੱਖ ਰੁਪਏ ਦੀ ਠੱਗੀ ਮਾਰਨ ਤੇ ਜਾਅਲੀ ਵੀਜ਼ਾ ਲਗਾਉਣ ਦੇ ਦੋਸ਼ ਹੇਠ ਨਿਰਵੈਰ ਸਿੰਘ ਤੇ ਗੁਰਜੀਤ ਕੌਰ ਵਿਰੁੱਧ ਧਾਰਾ 406, 420 ਤੇ 120 ਬੀ ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਮਨਜੀਤ ਕੌਰ ਵਾਸੀ ਸੰਤੇਮਾਜਰਾ ਕਲੋਨੀ ਤੇ ਜਸਪ੍ਰੀਤ ਸਿੰਘ ਵਾਸੀ ਪਿੰਡ ਸਰਨਾਣਾ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਕਿ ਇਹ ਵਿਅਕਤੀ ਪਤੀ-ਪਤਨੀ ਹਨ ਤੇ ਉਨ੍ਹਾਂ ਨੇ ਉਲ੍ਹਾਂ ਨੂੰ ਦੱਸਿਆ ਕਿ ਉਹ ਲੋਕਾਂ ਨੂੰ ਇੱਕ ਨੰਬਰ ’ਚ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਉਨ੍ਹਾਂ ਨੂੰ ਫਰਾਂਸ ਭੇਜਣ ਲਈ ਸਾਢੇ 26 ਲੱਖ ਰੁਪਏ ਦੀ ਮੰਗ ਕੀਤੀ ਜੋ ਉਨ੍ਹਾਂ ਵੱਲੋਂ ਉਨ੍ਹਾਂ ਨੂੰ ਅਦਾ ਕਰ ਦਿੱਤੀ ਗਈ। ਫਿਰ ਉਨ੍ਹਾਂ ਨੇ ਦਸਤਾਵੇਜ਼ ਤਿਆਰ ਕਰਵਾ ਦਿੱਤੇ ਤੇ ਉਨ੍ਹਾਂ ਦੇ ਵੀਜ਼ੇ ਵੀ ਲਗਵਾ ਦਿੱਤੇ। 17 ਜਨਵਰੀ 2022 ਨੂੰ ਉਨ੍ਹਾਂ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਦੀ ਫਲਾਈਟ ’ਚ ਭੇਜ ਦਿੱਤਾ ਤੇ ਜਦੋਂ ਉਹ ਦਿੱਲੀ ਪਹੁੰਚੇ ਤਾਂ ਦਿੱਲੀ ਵਾਲਿਆਂ ਨੇ ਉਨ੍ਹਾਂ ਦੇ ਪਾਸਪੋਰਟ ਉਤੇ ਲਾਈਨਾਂ ਮਾਰ ਦਿੱਤੀਆਂ ਅਤੇ ਕਿਹਾ ਕਿ ਤੁਹਾਡੇ ਵੀਜ਼ੇ ਨਕਲੀ ਲੱਗੇ ਹੋਏ ਹਨ। ਇਸ ’ਤੇ ਉਨ੍ਹਾਂ ਨੇ ਸਬੰਧਤ ਵਿਅਕਤੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵੀਜ਼ੇ ਦੁਬਾਰਾ ਲਗਵਾ ਦਿੰਦੇ ਹਾਂ। ਫਿਰ ਉਨ੍ਹਾਂ ਨੇ ਊਨ੍ਹਾਂ ਤੋਂ 3 ਲੱਖ 20 ਹਜ਼ਾਰ ਰੁਪਏ ਹੋਰ ਵਸੂਲ ਲਏ ਤੇ ਉਨ੍ਹਾਂ ਨੂੰ ਇੱਕ ਹਫਤਾ ਦਿੱਲੀ ਬਿਠਾ ਕੇ ਰੱਖਿਆ ਤੇ ਕੋਈ ਵੀਜ਼ਾ ਨਹੀਂ ਲਗਵਾ ਕੇ ਦਿੱਤਾ।
ਉਨ੍ਹਾਂ ਦੋਸ਼ ਲਾਇਆ ਕਿ ਹੁਣ ਉਹ ਧਮਕੀਆਂ ਦੇ ਰਹੇ ਹਨ ਕਿ ਉਨ੍ਹਾਂ ਦੀ ਪਹੁੰਚ ਬਹੁਤ ਉਪਰ ਤੱਕ ਹੈ, ਤੁਸੀਂ ਜਿਥੇ ਮਰਜ਼ੀ ਦਰਖਾਸਤਾ ਦੇ ਸਕਦੇ ਹੋ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਤੱਕ ਉਨ੍ਹਾਂ ਨੇ ਪਾਸਪੋਰਟ ਤੇ ਰਕਮ ਵਾਪਿਸ ਨਹੀਂ ਕੀਤੀ।
ਵੀਜ਼ਾ ਨਵਿਆਉਣ ਦੇ ਨਾਂ ’ਤੇ 5.5 ਲੱਖ ਠੱਗੇ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ) ਇੱਥੋਂ ਦੇ ਸੈਕਟਰ 27 ਡੀ ਵਿੱਚ ਰਹਿਣ ਵਾਲੇ ਵਿਅਕਤੀ ਦਾ ਵੀਜ਼ਾ ਨਵਿਆਉਣ ਦੇ ਨਾਂ ’ਤੇ 5.5 ਲੱਖ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਬਾਰੇ ਜਾਣਕਾਰੀ ਮਿਲਦੇ ਹੀ ਥਾਣਾ ਸੈਕਟਰ 26 ਦੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਬ੍ਰਹਮ ਦੱਤਾ ਆਰਿਆ ਵਾਸੀ ਸੈਕਟਰ 27 ਡੀ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਭਤੀਜੇ ਦੇ ਦੋਸਤ ਨੇ ਵੀਜ਼ਾ ਨਵਿਆਉਣ ਦੇ ਨਾਂ ’ਤੇ 12.55 ਲੱਖ ਰੁਪਏ ਦੀ ਮੰਗ ਕੀਤੀ, ਜਿਸ ਵਿੱਚੋਂ 5.5 ਲੱਖ ਰੁਪਏ ਦੀ ਅਦਾਇਗੀ ਕਰ ਦਿੱਤੀ। ਇਸ ਤੋਂ ਬਾਅਦ ਨਾ ਤਾਂ ਉਸ ਦਾ ਵੀਜ਼ਾ ਰੀਨਿਊ ਕੀਤਾ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਥਾਣਾ ਸੈਕਟਰ 26 ਦੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।