ਅਜੇ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 2 ਮਈ
ਜੂਨ 2019 ’ਚ 22 ਸਾਲਾ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਥਾਣਾ ਮੂਲੇਪੁਰ ਦੀ ਪੁਲੀਸ ਵੱਲੋਂ ਅਣਪਛਾਤਿਆਂ ਸਣੇ ਸਰਪੰਚ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਦੱਲੀ, ਕੁਲਦੀਪ ਸਿੰਘ, ਭੁਪਿੰਦਰ ਸਿੰਘ, ਜਗਜੀਤ ਸਿੰਘ ਵਿਰੁੱਧ ਕਤਲ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲੀਸ ਮੁਖੀ ਨੂੰ ਦਿੱਤੀ ਦਰਖਾਸਤ ’ਚ ਬਜ਼ੁਰਗ ਔਰਤ ਸੁਰਿੰਦਰ ਕੌਰ ਵਾਸੀ ਪਿੰਡ ਮੀਆਂਪੁਰ ਨੇ ਦੱਸਿਆ ਸੀ ਕਿ ਉਸ ਦਾ ਦੋਹਤਾ ਜਸ਼ਨਪ੍ਰੀਤ ਸਿੰਘ ਲੰਮੇ ਸਮੇਂ ਤੋਂ ਉਨ੍ਹਾਂ ਕੋਲ ਰਹਿੰਦਾ ਸੀ ਜੋ 29 ਜੂਨ 2019 ਨੂੰ ਪਿੰਡ ਦੇ ਰਜਵਾਹੇ (ਸੂਏ) ’ਚ ਆਪਣੇ ਦੋਸਤ ਕੁਲਵੀਰ ਸਿੰਘ ਕਾਲਾ ਨਾਲ ਨਹਾਉਣ ਗਿਆ ਸੀ ਜਿੱਥੇ ਜਸ਼ਨਪ੍ਰੀਤ ਸਿੰਘ ਤੇ ਉਸਦੀ ਦੋਸਤ ਕੁਲਬੀਰ ਸਿੰਘ ਦੀ ਪਿੰਡ ਮੀਆਂਪੁਰ ਦੇ ਹੀ ਵਸਨੀਕ ਸਰਪੰਚ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ਦਲਜੀਤ ਸਿੰਘ ਦੱਲੀ, ਕੁਲਦੀਪ ਸਿੰਘ, ਭੁਪਿੰਦਰ ਸਿੰਘ ਤੇ ਜਗਜੀਤ ਸਿੰਘ ਤੇ ਅਣਪਛਾਤਿਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਕਤਲ ਕਰਨ ਦੀ ਨੀਅਤ ਨਾਲ ਉਸਦੇ ਦੋਹਤੇ ਜਸ਼ਨਪ੍ਰੀਤ ਸਿੰਘ ਨੂੰ ਨਹਿਰ ’ਚ ਸੁੱਟ ਦਿੱਤਾ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਸੂਚਨਾ ਪੁਲੀਸ ਨੂੰ ਦਿੱਤੀ ਸੀ ਪਰ ਪੁਲੀਸ ਨੇ ਸਿਆਸੀ ਦਬਾਅ ਕਾਰਨ ਮੁਲਜ਼ਮਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।