ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਨਵੰਬਰ
ਯੂਟੀ ਪ੍ਰਸ਼ਾਸਨ ਵੱਲੋਂ 6 ਸਾਲਾਂ ਬਾਅਦ 7 ਨਵੰਬਰ ਤੋਂ ਸ਼ਹਿਰ ਵਿੱਚ ਪਸ਼ੂ ਗਣਨਾ ਸ਼ੁਰੂ ਕੀਤੀ ਜਾਵੇਗੀ। ਇਸ ਤਹਿਤ ਪਸ਼ੂ ਪਾਲਣ ਵਿਭਾਗ ਵੱਲੋਂ ਸ਼ਹਿਰ ਦੇ ਸਾਰੇ ਪਾਲਤੂ ਤੇ ਆਵਾਰਾ ਕੁੱਤਿਆਂ ਸਣੇ ਹੋਰਨਾਂ ਪਸ਼ੂਆਂ ਦੀ ਗਣਨਾ ਕੀਤੀ ਜਾਵੇਗੀ। ਇਸ ਵਿੱਚ ਪਸ਼ੂ ਪਾਲਣ ਵਿਭਾਗ, ਮੱਛੀ ਪਾਲਣ ਤੇ ਡੇਅਰੀ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਸਰਵੇਖਣ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਨੇ ਪਸ਼ੂ ਪਾਲਣ ਵਿਭਾਗ ਨੇ ਫਰਵਰੀ 2025 ਤੱਕ ਗਣਨਾ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਲਈ ਪ੍ਰਸ਼ਾਸਨ ਵੱਲੋਂ ਮੋਬਾਈਲ ਐਪਲੀਕੇਸ਼ਨ ਤੇ ਆਫਲਾਈਨ ਡੇਟਾ ਤਿਆਰ ਕੀਤਾ ਜਾਵੇਗਾ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਕਿਹਾ ਕਿ ਪਸ਼ੂ ਗਣਨਾ ਕਰਨ ਲਈ ਤਿਆਰ ਟੀਮਾਂ ਨੂੰ ਵਿਸ਼ੇਸ਼ ਟਰੇਨਿੰਗ ਵੀ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਪਹਿਲਾਂ ਸਾਲ 2018-19 ਵਿੱਚ ਪਸ਼ੂ ਗਣਨਾ ਕੀਤੀ ਸੀ। ਉਸ ਸਮੇਂ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ 12,922 ਅਤੇ ਘਰੇਲੂ ਕੁੱਤਿਆਂ ਦੀ ਗਿਣਤੀ 11,006 ਦਰਜ ਕੀਤੀ ਗਈ ਸੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਕੁੱਲ ਪਸ਼ੂਆਂ ਦੀ ਗਿਣਤੀ 26,990 ਸੀ। ਇਸ ਵਿੱਚ 25,617 ਗਊਆਂ ਅਤੇ 1440 ਆਵਾਰਾ ਪਸ਼ੂ ਸ਼ਾਮਲ ਸਨ। ਹਾਲਾਂਕਿ ਨਗਰ ਨਿਗਮ ਨੇ ਸਾਲ 2023 ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਸਬੰਧੀ ਸਰਵੇਖਣ ਕਰਵਾਇਆ ਸੀ ਤਾਂ ਸ਼ਹਿਰ ਵਿੱਚ ਆਵਾਰਾ ਕੁੱਤਿਆ ਦੀ ਗਿਣਤੀ 9503 ਦਰਜ ਕੀਤੀ ਗਈ ਸੀ। ਇਹ ਗਿਣਤੀ ਹੁਣ ਲਗਾਤਾਰ ਵਧਦੀ ਜਾ ਰਹੀ ਹੈ।