ਮੁਕੇਸ਼ ਕੁਮਾਰ
ਚੰਡੀਗੜ੍ਹ, 4 ਜੂਨ
ਚੰਡੀਗੜ੍ਹ ਵਪਾਰ ਮੰਡਲ (ਸੀਬੀਐੱਮ) ਵੱਲੋਂ ਨਵ-ਗਠਿਤ ‘ਨਗਰ ਨਿਗਮ ਕੋਆਰਡੀਨੇਟ ਸਬ-ਕਮੇਟੀ’ ਦੀ ਅੱਜ ਪਲੇਠੀ ਮੀਟਿੰਗ ਹੋਈ, ਜਿਸ ਵਿੱਚ ਸ਼ਹਿਰ ਦੇ ਕਾਰੋਬਾਰੀਆਂ ਅਤੇ ਵਪਾਰੀਆਂ ਦੀਆਂ ਨਗਰ ਨਿਗਮ ਨਾਲ ਜੁੜੀਆਂ ਸਮੱਸਿਆਵਾਂ ਅਤੇ ਹੋਰ ਮੁੱਦਿਆਂ ’ਤੇ ਚਰਚਾ ਕੀਤੀ ਗਈ।
ਵਪਾਰ ਮੰਡਲ ਦੇ ਮੁੱਖ ਬੁਲਾਰੇ ਦਿਵਾਂਕਰ ਸਾਹੂੰਜਾ ਨੇ ਦੱਸਿਆ ਕਿ ਸੀਬੀਐੱਮ ਤੇ ਜਨਰਲ ਸਕੱਤਰ ਅਤੇ ਕਮੇਟੀ ਦੇ ਚੇਅਰਮੈਨ ਸੰਜੀਵ ਕੁਮਾਰ ਚੱਢਾ ਦੇ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਚੰਡੀਗੜ੍ਹ ਨਗਰ ਨਿਗਮ ਅਤੇ ਸ਼ਹਿਰ ਦੇ ਵਪਾਰੀਆਂ ਦੇ ਆਪਸੀ ਤਾਲਮੇਲ ਅਤੇ ਬਿਹਤਰ ਸਬੰਧਾਂ ਨਾਲ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਕਾਰਜ ਕਰਨ ’ਤੇ ਜ਼ੋਰ ਦਿੱਤਾ ਗਿਆ। ਕਮੇਟੀ ਮੈਂਬਰਾਂ ਨੇ ਦੁਕਾਨਾਂ ਵਿਚੋਂ ਕੂੜਾ ਅਤੇ ਹੋਰ ਰਹਿੰਦ ਖੂਹੰਦ ਚੁੱਕਣ ਨਗਰ ਨਿਗਮ ਵੱਲੋਂ ਵਸੂਲੇ ਜਾਣ ਵਾਲੇ ਫੀਸ ਤਰਕਸੰਗਤ ਬਣਾਉਣ, ਜਾਇਦਾਦ ਟੈਕਸ ਦੇ ਹਰ ਲੈਣ ਦੇਣ ’ਤੇ ਲੱਗਦੀ 118 ਰੁਪਏ ਫੀਸ ’ਚ ਛੋਟ ਦੇਣ ਦੀ ਮੰਗ ਕੀਤੀ ਗਈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਲੌਕਡਾਊਨ ਦੌਰਾਨ ਪ੍ਰਸ਼ਾਸਨ ਵਲੋਂ ਦੁਕਾਨਾਂ ਖੋਲ੍ਹਣ ਲਈ ਲਈ ਦਿੱਤੇ ਗਏ ਸਮੇਂ ਦੌਰਾਨ ਨਗਰ ਨਿਗਮ ਐਨਫੋਰਸਮੈਂਟ ਵਿੰਗ ਵਲੋਂ ਨਾਜਾਇਜ ਕਬਜ਼ਿਆਂ ਦੇ ਨਾਮ ਤੇ ਪ੍ਰਸ਼ਨ ਨਹੀਂ ਕੀਤਾ ਜਾਣਾ ਚਾਹੀਦਾ।