ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 17 ਜੁਲਾਈ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੇ ਸੈਂਪਲ ਪੇਪਰ ਜਾਰੀ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਮਾਰਕਿੰਗ ਸਕੀਮ ਤੇ ਪੈਟਰਨ ਦੀ ਜਾਣਕਾਰੀ ਦਿੱਤੀ ਗਈ ਹੈ। ਸੀਬੀਐੱਸਈ ਵੱਲੋਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਨੂੰ ਸ਼ੁਰੂ ਹੋਣਗੀਆਂ ਤੇ 10 ਅਪਰੈਲ ਤੱਕ ਚੱਲਣਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਬੋਰਡ ਜਮਾਤਾਂ ਦੇ ਸੈਂਪਲ ਪੇਪਰਾਂ ਵਿੱਚ ਪ੍ਰੀਖਿਆਵਾਂ ਦਾ ਪੈਟਰਨ ਦਿੱਤਾ ਗਿਆ ਹੈ ਜੋ ਵਿਦਿਆਰਥੀਆਂ ਨੂੰ ਪ੍ਰੀਖਿਆ ਦੀ ਤਿਆਰੀ ਕਰਵਾਉਣ ਵਿੱਚ ਸਹਾਈ ਹੋਵੇਗਾ। ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਸਪੱਸ਼ਟ ਕੀਤਾ ਹੈ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਜੋ 55 ਦਿਨ ਚੱਲਣਗੀਆਂ ਤੇ ਆਖਰੀ ਪ੍ਰੀਖਿਆ 10 ਅਪਰੈਲ ਨੂੰ ਹੋਵੇਗੀ। ਇਹ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਆਪਣੇ ਸਕੂਲ ਵਿੱਚ ਨਹੀਂ ਹੋਣਗੀਆਂ ਤੇ ਵਿਦਿਆਰਥੀਆਂ ਦੇ ਸੈਂਟਰ ਦੂਜੇ ਸਕੂਲਾਂ ਵਿੱਚ ਬਣਾਏ ਜਾਣਗੇ।
ਸੋਸ਼ਲ ਮੀਡੀਆ ਤੋਂ ਗੁਮਰਾਹ ਨਾ ਹੋਣ ਦੀ ਸਲਾਹ
ਬੋਰਡ ਦੇ ਪ੍ਰੀਖਿਆਵਾਂ ਕੰਟਰੋਲਰ ਸੰਯਮ ਭਾਰਦਵਾਜ ਨੇ ਇੱਕ ਸਰਕੁਲਰ ਜਾਰੀ ਕਰ ਕੇ ਕਿਹਾ ਹੈ ਕਿ ਵਿਦਿਆਰਥੀ ਸੋਸ਼ਲ ਮੀਡੀਆਂ ਦੀਆਂ ਖਬਰਾਂ ’ਤੇ ਵਿਸ਼ਵਾਸ ਨਾ ਕਰਨ ਤੇ ਡੇਟਸ਼ੀਟ ਲਈ ਸਿਰਫ ਵੈੱਬਸਾਈਟ ਸੀਬੀਐੱਸਈ ਡਾਟ ਨਿਕ ਡਾਟ ਇਨ ਹੀ ਵੇਖਣ। ਇਸ ਤੋਂ ਪਹਿਲਾਂ ਬੋਰਡ ਜਮਾਤਾਂ ਦੀ ਇੱਕ ਫਰਜ਼ੀ ਡੇਟਸ਼ੀਟ ਜਾਰੀ ਹੋਈ ਸੀ, ਜਿਸ ਬਾਰੇ ਬੋਰਡ ਨੂੰ ਸਪੱਸ਼ਟੀਕਰਨ ਦੇਣਾ ਪਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਦਸਵੀਂ ਤੇ ਬਾਰ੍ਹਵੀਂ ਜਮਾਤ ਦਾ ਟਾਈਮ ਟੇਬਲ ਦਸੰਬਰ ਜਾਂ ਜਨਵਰੀ ਦੇ ਪਹਿਲੇ ਹਫਤੇ ਜਾਰੀ ਹੋਵੇਗਾ। ਬੋਰਡ ਨੇ ਸਕੂਲਾਂ ਨੂੰ ਇਹ ਵੀ ਕਿਹਾ ਹੈ ਕਿ ਉਹ ਹੋਰ ਜਮਾਤਾਂ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਮੁੱਖ ਰੱਖ ਕੇ ਹੀ ਤਿਆਰ ਕਰਨ।