ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 3 ਅਗਸਤ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਅੱਜ ਦਸਵੀਂ ਦਾ ਨਤੀਜਾ ਐਲਾਨ ਦਿੱਤਾ। ਇਹ ਨਤੀਜਾ ਦਸਵੀਂ, ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਗਿਆ ਹੈ। ਇਸ ਵਾਰ ਬੋਰਡ ਨੇ ਕਰੋਨਾ ਕਾਰਨ ਮੈਰਿਟ ਲਿਸਟ ਜਾਰੀ ਨਹੀਂ ਕੀਤੀ। ਇਸ ਵਾਰ ਟਰਾਈਸਿਟੀ ਵਿਚੋਂ ਗੁਰੂ ਗੋਬਿੰਦ ਸਿੰਘ ਕਾਲਜੀਏਟ ਸਕੂਲ ਸੈਕਟਰ-26 ਦੇ ਸੰਯਮ ਅਗਰਵਾਲ ਨੇ 99.8 ਫੀਸਦ ਅੰਕ ਤੇ ਕੇਵੀ ਡੀਏਵੀ ਸਕੂਲ ਦੀ ਵੰਸ਼ਿਕਾ ਭਾਰਦਵਾਜ ਨੇ 99.8 ਫੀਸਦ ਅੰਕ ਲੈ ਕੇ ਟੌਪ ਕੀਤਾ ਹੈ। ਇਨ੍ਹਾਂ ਦੋਵਾਂ ਨੇ ਪੰਜ ਮੁੱਖ ਵਿਸ਼ਿਆਂ ਵਿਚ 99.8 ਫੀਸਦੀ ਅੰਕ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਭਵਨ ਵਿਦਿਆਲਿਆ ਸਕੂਲ ਪੰਚਕੂਲਾ, ਚੰਡੀਗੜ੍ਹ, ਸੇਂਟ ਜੋਸਫ ਤੇ ਹੋਰ ਸਕੂਲਾਂ ਨੇ ਆਪਣੇ ਵਿਦਿਆਰਥੀਆਂ ਦੇ 99.8 ਫੀਸਦੀ ਅੰਕ ਆਉਣ ਤੇ ਟੌਪਰ ਹੋਣ ਦਾ ਦਾਅਵਾ ਕੀਤਾ ਹੈ ਪਰ ਇਨ੍ਹਾਂ ਸਕੂਲਾਂ ਨੇ ਮੋਹਰੀ ਵਿਦਿਆਰਥੀਆਂ ਦੇ ਪੰਜ ਮੁੱਖ ਵਿਸ਼ਿਆਂ ਦੀ ਥਾਂ ਵਾਧੂ ਵਿਸ਼ੇ ਸਣੇ ਟੌਪ ਪੰਜ ਵਿਸ਼ਿਆਂ ਦੇ ਅੰਕ ਜਾਰੀ ਕੀਤੇ ਹਨ। ਭਵਨ ਵਿਦਿਆਲਿਆ ਪੰਚਕੂਲਾ ਵਲੋਂ ਛੇ ਵਿਦਿਆਰਥੀਆਂ ਦੇ 99.8 ਫੀਸਦ ਤੇ ਸੇਂਟ ਜੋਸਫ ਸਕੂਲ ਵਲੋਂ ਵਿਦਿਆਰਥੀਆਂ ਦੇ ਇਹੀ ਅੰਕ ਆਉਣ ਦਾ ਦਾਅਵਾ ਕੀਤਾ ਗਿਆ ਹੈ। ਸੰਯਮ ਅਗਰਵਾਲ ਨੇ ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸ਼ੋਸ਼ਲ ਸਟੱਡੀਜ਼ ਵਿਚ 100-100 ਅੰਕ ਹਾਸਲ ਕੀਤੇ ਹਨ। ਸੰਯਮ ਦਾ ਯੂ-ਟਿਊਬ ਚੈਨਲ ਹੈ ਤੇ ਉਸ ਦੇ 8000 ਸਬਸਕਰਾਈਬਰ ਹਨ। ਉਸ ਦੇ ਪਿਤਾ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਹਨ। ਦੂਜੇ ਪਾਸੇ ਕੇਵੀ ਡੀਏਵੀ ਸਕੂਲ ਸੈਕਟਰ-7 ਦੀ ਵੰਸ਼ਿਕਾ ਦੇ ਵੀ ਅੰਗਰੇਜ਼ੀ, ਗਣਿਤ, ਵਿਗਿਆਨ ਤੇ ਸ਼ੋਸ਼ਲ ਸਟੱਡੀਜ਼ ਵਿਚੋਂ ਹਰ ਵਿਚ 100-100 ਅੰਕ ਆਏ ਹਨ।
ਇੰਸਟੀਚਿਊਟ ਫਾਰ ਦਿ ਬਲਾਈਂਡ ਸੈਕਟਰ-26 ਦੀ ਗਗਨਜੋਤ ਕੌਰ ਨੇ ਦਸਵੀਂ ਜਮਾਤ ਵਿਚ 95.20 ਫੀਸਦੀ ਅੰਕ ਹਾਸਲ ਕੀਤੇ ਹਨ। ਇਸੀ ਸਕੂਲ ਦੀ ਕਸ਼ਿਸ਼ ਸੈਣੀ ਤੇ ਮੰਨਤ ਦੋਵਾਂ ਨੇ 94.40 ਫੀਸਦੀ ਅੰਕ ਹਾਸਲ ਕੀਤੇ ਹਨ।
ਦੂਜੇ ਪਾਸੇ ਵਿਸ਼ਾ ਮਾਹਰਾਂ ਨੇ ਕਿਹਾ ਹੈ ਕਿ ਹਿੰਦੀ ਤੇ ਅੰਗਰੇਜ਼ੀ ਦੇ ਅੰਕ ਪਹਿਲੇ ਪੰਜ ਵਿਸ਼ਿਆਂ ਵਿਚ ਜੁੜਨਗੇ ਤੇ ਬਾਕੀ ਦੇ ਤਿੰਨ ਵਿਸ਼ਿਆਂ ਦੀ ਥਾਂ ਵਾਧੂ ਵਿਸ਼ੇ ਦੇ ਅੰਕ ਵੀ ਜੋੜੇ ਜਾ ਸਕਦੇ ਹਨ। ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਸੀਬੀਐਸਈ ਵਲੋਂ ਮੈਰਿਟ ਲਿਸਟ ਜਾਰੀ ਨਾ ਕਰਨ ਤੇ ਅੰਕ ਨਿਰਧਾਰਿਤ ਕਰਨ ਦਾ ਸਪਸ਼ਟ ਫਾਰਮੂਲਾ ਨਾ ਦੇਣ ਕਾਰਨ ਭੰਬਲਭੂਸਾ ਬਣਿਆ ਹੈ ਜਿਸ ਕਾਰਨ ਕਈ ਸਕੂਲ ਪੰਜ ਮੁੱਖ ਵਿਸ਼ਿਆਂ ਤੇ ਕਈ ਚਾਰ ਮੁੱਖ ਵਿਸ਼ੇ ਤੇ ਇਕ ਵਾਧੂ ਵਿਸ਼ੇ ਦੇ ਸਭ ਤੋਂ ਵੱਧ ਆਏ ਅੰਕਾਂ ਨੂੰ ਜੋੜ ਰਹੇ ਹਨ।
ਸਰਕਾਰੀ ਸਕੂਲਾਂ ਦੇ ਨਤੀਜਾ 19.4 ਫ਼ੀਸਦੀ ਸੁਧਰਿਆ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦਾ ਨਤੀਜਾ ਇਸ ਵਾਰ 96.6 ਫ਼ੀਸਦੀ ਰਿਹਾ ਜੋ ਪਿਛਲੇ ਸਾਲ ਨਾਲੋਂ 19.4 ਫ਼ੀਸਦੀ ਜ਼ਿਆਦਾ ਹੈ। ਇਸ ਵਾਰ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ 11,286 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿੱਚੋਂ 10905 ਵਿਦਿਆਰਥੀ ਪਾਸ ਹੋਏ। ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਿਛਲੇ ਸਾਲ ਦੀ ਔਸਤ ਪਾਸ ਪ੍ਰਤੀਸ਼ਤਤਾ 77.2 ਫੀਸਦੀ ਸੀ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-33 ਦੀ ਸ਼੍ਰੇਯਾ ਧਰ ਦੇ 97.6 ਫੀਸਦੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਨੀਮਾਜਰਾ ਦੀ ਨਿਧੀ ਦੇ 96.8 ਫੀਸਦੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-35 ਦੀ ਨਿਧੀ ਦੇ 96.2 ਫੀਸਦੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18 ਦੀ ਨੈਨਸੀ ਸੈਣੀ ਦੇ 95.8 ਫੀਸਦੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16 ਦੇ ਤਰੁਨ ਦੇ 95.2 ਫੀਸਦੀ ਅੰਕ ਆਏ। ਚੰਡੀਗੜ੍ਹ ਵਿੱਚ 93 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ ਜਿਨ੍ਹਾਂ ਵਿੱਚੋਂ 65 ਸਰਕਾਰੀ ਸਕੂਲਾਂ ਦਾ ਨਤੀਜਾ ਸੌ ਫੀਸਦੀ ਆਇਆ।
ਦੇਸ਼ ਵਿੱਚੋਂ ਦਸਵੇਂ ਸਥਾਨ ’ਤੇ ਰਿਹਾ ਚੰਡੀਗੜ੍ਹ
ਇਸ ਵਾਰ ਦਸਵੀਂ ਦੇ ਨਤੀਜੇ ਵਿਚ ਪੰਚਕੂਲਾ ਖੇਤਰ ਛੇਵੇਂ ਸਥਾਨ ’ਤੇ ਰਿਹਾ ਜਿਸ ਦੀ ਪਾਸ ਪ੍ਰਤੀਸ਼ਤਤਾ 99.77 ਰਹੀ। ਪਿਛਲੇ ਸਾਲ ਵੀ ਪੰਚਕੂਲਾ ਦੇਸ਼ ਭਰ ਵਿੱਚੋਂ ਛੇਵੇਂ ਸਥਾਨ ’ਤੇ ਆਇਆ ਸੀ। ਦੂਜੇ ਪਾਸੇ ਚੰਡੀਗੜ੍ਹ ਖੇਤਰ ਦੇ ਵਿਦਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 99.46 ਫੀਸਦੀ ਰਹੀ ਹੈ ਤੇ ਚੰਡੀਗੜ੍ਹ ਖੇਤਰ ਦੇਸ਼ ਭਰ ਵਿੱਚੋਂ ਦਸਵੇਂ ਸਥਾਨ ’ਤੇ ਆਇਆ ਹੈ। ਇਸ ਵਾਰ ਲੜਕੀਆਂ ਨੇ ਪਾਸ ਪ੍ਰਤੀਸ਼ਤਤਾ ਵਿੱਚ ਬਾਜ਼ੀ ਮਾਰੀ ਹੈ। ਚੰਡੀਗੜ੍ਹ ਦੀਆਂ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ 93.31 ਫ਼ੀਸਦੀ ਰਹੀ ਜੋ ਪਿਛਲੇ ਸਾਲ 92.45 ਫ਼ੀਸਦੀ ਸੀ ਜਦਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 90.14 ਫ਼ੀਸਦੀ ਰਹੀ।