ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਜੂਨ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਬੋਰਡ ਪ੍ਰੀਖਿਆਵਾਂ ਦਾ ਨਤੀਜਾ 15 ਜੁਲਾਈ ਤਕ ਐਲਾਨਿਆ ਜਾਵੇਗਾ। ਇਸ ਕਰਕੇ ਉਚੇਰੀ ਸਿੱਖਿਆ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਇਸ ਤਾਰੀਖ ਦੇ ਹਿਸਾਬ ਨਾਲ ਦੇਸ਼ ਤੇ ਵਿਦੇਸ਼ ਦੇ ਸੰਸਥਾਨਾਂ ’ਚ ਦਰਖਾਸਤ ਦੇ ਸਕਦੇ ਹਨ। ਇਸ ਦੇ ਨਾਲ ਹੀ ਸੀਬੀਐੱਸਈ ਨੇ ਕਰੋਨਾ ਦੇ ਮੱਦੇਨਜ਼ਰ ਸੈਂਟਰਲ ਟੀਚਰਜ਼ ਐਲਿਜੀਬਿਲਟੀ ਟੈਸਟ (ਸੀਟੈੱਟ) ਦੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਹੈ। ਸੀਬੀਐੱਸਈ ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਦੇਸ਼ ਭਰ ਦੇ ਸਕੂਲ ਮੁਖੀਆਂ ਨੂੰ ਮੁਲਾਂਕਣ ਵਿਧੀ ਤੇ ਸੀਟੈੱਟ ਪ੍ਰੀਖਿਆ ਬਾਰੇ ਸਪੱਸ਼ਟ ਕੀਤਾ ਹੈ। ਸੀਟੈੱਟ ਦੀ ਸਾਲ 2020 ਦੀ ਪ੍ਰੀਖਿਆ 5 ਜੁਲਾਈ ਨੂੰ ਹੋਣੀ ਸੀ, ਜੋ ਹੁਣ ਹਾਲਾਤ ਠੀਕ ਹੋਣ ’ਤੇ ਹੀ ਹੋਵੇਗੀ। ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ ਰਹਿ ਗਈਆਂ ਪ੍ਰੀਖਿਆਵਾਂ ਦਾ ਨਤੀਜਾ ਮੁਲਾਂਕਣ ਵਿਧੀ ਰਾਹੀਂ ਐਲਾਨਿਆ ਜਾਵੇਗਾ। ਜੇ ਕੋਈ ਮੁਲਾਂਕਣ ਵਿਧੀ ਤੋਂ ਸੰਤੁਸ਼ਟ ਨਹੀਂ ਹੈ ਤਾਂ ਹਾਲਾਤ ਠੀਕ ਹੋਣ ’ਤੇ ਉਸ ਦੀ ਪ੍ਰੀਖਿਆ ਲਈ ਜਾਵੇਗੀ ਪਰ ਉਸ ਪ੍ਰੀਖਿਆ ਵਿਚ ਆਏ ਅੰਕ ਹੀ ਵਿਦਿਆਰਥੀ ਦੇ ਅੰਤਿਮ ਅੰਕ ਮੰਨੇ ਜਾਣਗੇ।
ਨੀਟ ਤੇ ਜੇਈਈ ਦੀ ਪ੍ਰੀਖਿਆ ਬਾਰੇ ਸਪੱਸ਼ਟੀਕਰਨ ਮੰਗਿਆ
ਪ੍ਰੀਖਿਆਵਾਂ ਰੱਦ ਕਰਨ ਤੋਂ ਬਾਅਦ ਚੰਡੀਗੜ੍ਹ ਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਟਵੀਟ ਕਰ ਕੇ ਸਪੱਸ਼ਟੀਕਰਨ ਮੰਗਿਆ ਹੈ ਕਿ ਨੈਸ਼ਨਲ ਐਲਿਜੀਬਿਲਟੀ-ਕਮ-ਐਂਟਰੈਂਸ ਟੈਸਟ (ਨੀਟ) ਦੀ 26 ਜੁਲਾਈ ਨੂੰ ਹੋਣ ਵਾਲੀ ਪ੍ਰੀਖਿਆ ਬਾਰੇ ਵੀ ਸਪੱਸ਼ਟ ਕੀਤਾ ਜਾਵੇ ਕਿ ਇਹ ਪ੍ਰੀਖਿਆ ਰੱਦ ਹੋਵੇਗੀ ਜਾਂ ਅਗਲੀਆਂ ਤਾਰੀਖਾਂ ਨੂੰ ਕਰਵਾਈ ਜਾਵੇਗੀ। ਨੀਟ ਦੀ ਪ੍ਰੀਖਿਆ ਐੱਮਬੀਬੀਐੱਸ ਤੇ ਬੀਡੀਐੱਸ ਵਿਚ ਦਾਖਲੇ ਲਈ ਦੇਸ਼ ਭਰ ਵਿਚ ਇਕੋ ਵੇਲੇ ਕਰਵਾਈ ਜਾਂਦੀ ਹੈ। ਇਹੀ ਸਪਸ਼ਟੀਕਰਨ ਇੰਜਨੀਅਰਿੰਗ ’ਚ ਦਾਖਲੇ ਲਈ ਜੇਈਈ ਦੇ ਪ੍ਰੀਖਿਆ ਦੇ ਚਾਹਵਾਨਾਂ ਨੇ ਵੀ ਮੰਗਿਆ ਹੈ ਜੋ 18 ਤੋਂ 23 ਜੁਲਾਈ ਨੂੰ ਹੋਵੇਗੀ।