ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 2 ਅਕਤੂਬਰ
ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਨੂੰ ਆਪਣੀ ਗਤੀਵਿਧੀਆਂ ਚਲਾਉਣ ਲਈ ਇੱਥੋਂ ਦੇ ਫੇਜ਼-11 ਥਾਣੇ ਦੀ ਪਹਿਲੀ ਮੰਜ਼ਿਲ ’ਤੇ ਨਵਾਂ ਦਫ਼ਤਰ ਬਣਾ ਕੇ ਦਿੱਤਾ ਗਿਆ ਹੈ। ਇਸ ਦਾ ਰਸਮੀ ਉਦਘਾਟਨ ਅੱਜ ਐੱਸਐੱਸਪੀ ਦੀਪਕ ਪਾਰਿਕ ਨੇ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਐਸੋਸੀਏਸ਼ਨ ਦੇ ਮੈਂਬਰ ਸੇਵਾਮੁਕਤ ਹੋ ਗਏ ਹਨ ਪਰ ਇਹ ਪੰਜਾਬ ਪੁਲੀਸ ਦੀ ਰੀੜ੍ਹ ਦੀ ਹੱਡੀ ਹਨ। ਐੱਸਐੱਸਪੀ ਨੇ ਕਿਹਾ ਕਿ ਮੁਹਾਲੀ ਵਿੱਚ ਸਟਰੀਟ ਕਰਾਈਮ ਰੋਕਣ ਲਈ ਸ਼ਹਿਰ ਵਿੱਚ ਚੱਪੇ-ਚੱਪੇ ’ਤੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ ਅਤੇ ਪੁਲੀਸ ਗਸ਼ਤ ਵੀ ਤੇਜ਼ ਕਰ ਦਿੱਤੀ ਗਈ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲੀਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਇੰਸਪੈਕਟਰ (ਸੇਵਾਮੁਕਤ) ਮਹਿੰਦਰ ਸਿੰਘ ਨੇ ਐੱਸਐੱਸਪੀ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ, ਏਆਈਜੀ (ਸੇਵਾਮੁਕਤ) ਹਰਗੋਬਿੰਦ ਸਿੰਘ, ਸਾਬਕਾ ਐੱਸਪੀ ਸਵਰਨ ਸਿੰਘ ਮੌਲੀ, ਡੀਐੱਸਪੀ ਜੀਪੀ ਸਿੰਘ, ਸਾਬਕਾ ਡੀਐੱਸਪੀ ਸਤਨਾਮ ਸਿੰਘ ਬਾਜਵਾ, ਰਘਬੀਰ ਸਿੰਘ, ਪਰਮਜੀਤ ਸਿੰਘ ਮਲਕਪੁਰ ਤੇ ਥਾਣਾ ਫੇਜ਼-11 ਦੇ ਐੱਸਐੱਚਓ ਗਗਨਦੀਪ ਸਿੰਘ ਹਾਜ਼ਰ ਸਨ।